ਚੰਡੀਗੜ੍ਹ ਡੈਸਕ:ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਰਾਹਤ ਮਿਲਣ ਦੀ ਆਸ ਬੱਝ ਰਹੀ ਹੈ। ਮਾਣਯੋਗ ਅਦਾਲਤ ਵਿੱਚ ਉਨ੍ਹਾਂ ਦੀ ਪਟੀਸ਼ਨ ਉੱਤੇ ਸੁਣਵਾਈ ਹੋ ਰਹੀ ਹੈ। ਇਸਨੂੰ ਲੈ ਕੇ ਕੋਈ ਵੱਡਾ ਫੈਸਲਾ ਆ ਸਕਦਾ ਹੈ। ਦਰਅਸਲ ਅਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਗ੍ਰਿਫਤਾਰੀ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਹੋਈ ਹੈ। ਦੂਜੇ ਪਾਸੇ ਹਾਈਕੋਰਟ ਵੱਲੋਂ ਵੀ ਇਸਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ।
ਕੀ ਹੈ ਪਟੀਸ਼ਨ :ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਉਸਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ, ਕੁਲਵੰਤ ਸਿੰਘ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਵੱਲੋਂ ਇਹ ਪਟੀਸ਼ਨ ਹਾਈਕੋਰਟ ਵਿੱਚ ਲਾਈ ਗਈ ਹੈ। ਇਸ ਮੁਤਾਬਿਕ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਹੈ। ਪਟੀਸ਼ਨ ਵਿੱਚ ਉਨ੍ਹਾਂ ਉੱਤੇ ਲੱਗੇ ਕੌਮੀ ਸੁਰੱਖਿਆ ਕਾਨੂੰਨ ਯਾਨੀ ਕਿ NSA ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਇਸੇ ਪਟੀਸ਼ਨ ਉੱਤੇ ਹਾਈਕੋਰਟ ਨੇ ਪੰਜਾਬ ਦੀ ਮਾਨ ਸਰਕਾਰ ਅਤੇ ਕੇਂਦਰ ਨੂੰ ਨੋਟਿਸ ਭੇਜ ਕੇ ਜਵਾਬ ਵੀ ਮੰਗਿਆ ਹੈ। ਅੱਜ ਇਨ੍ਹਾਂ ਨੋਟਿਸਾਂ ਉੱਤੇ ਜਵਾਬ ਦਾਖਿਲ ਕੀਤੇ ਜਾਣ ਦੀ ਵੀ ਉਮੀਦ ਹੈ।