ਲੁਧਿਆਣਾ : ਲੁਧਿਆਣਾ ਵਿੱਚ ਐਤਵਾਰ ਨੂੰ ਸਵੇਰੇ ਗੈਸ ਲੀਕ ਹੋਣ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ। ਇਸ ਹਾਦਸੇ ਤੋਂ ਬਾਅਦ ਲਗਾਤਾਰ ਸਵਾਲ ਉੱਠ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੈਸ ਸੀਵਰੇਜ ਤੋਂ ਨਿਕਲੀ ਹੈ ਅਤੇ ਇਸ ਨਾਲ ਹੀ ਲੋਕਾਂ ਦੀ ਜਾਨ ਗਈ ਹੈ। ਪਰ ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਬਿਆਨ ਵੀ ਗੌਰ ਕਰਨ ਵਾਲਾ ਹੈ।
ਮੈਂ ਡਾਕਟਰ ਹਾਂ ਤੇ ਹੈਰਾਨ ਹਾਂ :ਇਕ ਮੀਡੀਆ ਅਦਾਰੇ ਨਾਲ ਇਸੇ ਘਟਨਾ ਤੋਂ ਬਾਅਦ ਗੱਲਬਾਤ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਮੈਂ ਖੁਦ ਇੱਕ ਡਾਕਟਰ ਹਾਂ ਅਤੇ ਇਹ ਗੱਲ ਦੇਖ ਕੇ ਹੈਰਾਨ ਵੀ ਹਾਂ ਕਿ ਆਖਿਰ ਅਜਿਹੀ ਕਿਹੜੀ ਗੈਸ ਹੈ, ਜਿਸ ਨਾਲ ਇਸ ਪੱਧਰ ਉੱਤੇ ਇੰਨੀ ਛੇਤੀ ਮੌਤਾਂ ਹੋ ਗਈਆਂ ਹਨ। ਉਨ੍ਹਾ ਕਿਹਾ ਕਿ ਜੋ ਸੀਵਰੇਜ ਦੀ ਗੈਸ ਹੁੰਦੀ ਹੈ, ਉਸ ਨਾਲ ਜ਼ਮੀਨ ਉਪਰ ਕਦੇ ਮੌਤ ਨਹੀਂ ਹੁੰਦੀ। ਪਰ ਇਹ ਬਹੁਤ ਹੀ ਗੰਭੀਰ ਮਸਲਾ ਹੈ ਕਿ ਆਖਿਰ ਅਜਿਹੀ ਕਿਹੜੀ ਗੈਸ ਹੈ ਜਿਸਨੇ ਤੁਰੰਤ ਕਈ ਲੋਕਾਂ ਦੀ ਜਾਨ ਲੈ ਲਈ। ਦੂਜੇ ਪਾਸੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਗੈਸ ਕੌਨਟੈਮੀਨੇਸ਼ਨ ਯਾਨੀ ਕਿ ਗੈਸਾਂ ਦਾ ਆਪਸ 'ਚ ਮਿਲ ਕੇ ਜ਼ਹਿਰੀਲੇ ਹੋ ਜਾਣਾ ਨਾਲ ਜੁੜਿਆ ਮਾਮਲਾ ਹੋਵੇ।
ਇਕ ਕਿਰਾਨਾ ਸਟੋਰ ਵੀ ਨਿਸ਼ਾਨੇਂ 'ਤੇ :ਦੂਜੇ ਪਾਸੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਇਸ ਗੈਸ ਕਾਂਡ ਵਿੱਚ ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕ ਵੀ ਸ਼ਾਮਿਲ ਹਨ। ਦੂਜੇ ਪਾਸੇ ਚਾਰ ਹਸਪਤਾਲ ਵਿੱਚ ਗੰਭੀਰ ਹਨ ਤੇ ਜੇਰੇ ਇਲਾਜ ਹਨ। ਐਨਡੀਆਰਐੱਫ ਵਲੋਂ ਵੀ ਗੈਸ ਦਾ ਨਮੂਨਾ ਭਰਿਆ ਗਿਆ ਹੈ। ਲੋਕਾਂ ਦੇ ਦਿਲ, ਦਿਮਾਗ ਅਤੇ ਫੇਫੜਿਆਂ ਨੂੰ ਲ਼ਈ ਵੀ ਇਹ ਗੈਸ ਜਾਨਲੇਵਾ ਦੱਸੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਗੋਇਲ ਕਿਰਨਾ ਸਟੋਰ ਤੋਂ ਇਹ ਗੈਸ ਲੀਕ ਹੋਈ ਹੈ। ਇਸ ਕਰਿਆਨੇ ਦੀ ਦੁਕਾਨ 'ਤੇ ਸਾਮਾਨ ਖਰੀਦਣ ਗਿਆ ਇਕ ਵਿਅਕਤੀ ਵੀ ਬੇਹੋਸ਼ ਹੋਇਆ ਹੈ। ਜਾਣਕਾਰੀ ਮੁਤਾਬਿਕ ਜਦੋਂ ਹੋਰ ਲੋਕ ਉਸ ਨੂੰ ਲੈਣ ਪਹੁੰਚੇ ਤਾਂ ਉਹ ਵੀ ਮੌਕੇ ਉੱਤੇ ਹੀ ਬੇਹੋਸ਼ ਹੋ ਗਿਆ। ਪੁਲਸ-ਪ੍ਰਸ਼ਾਸਨ ਨੂੰ ਦੁਕਾਨ ਦੇ ਅੰਦਰ ਰੱਖੇ 4 ਡਰਿੱਪ ਫਰੀਜ਼ਰਾਂ 'ਚੋਂ ਕੋਈ ਗੈਸ ਲੀਕ ਹੋਣ ਦਾ ਵੀ ਖਦਸ਼ਾ ਹੈ। ਹਾਲਾਂਕਿ ਇਹ ਗੰਭੀਰ ਜਾਂਚ ਦਾ ਵਿਸ਼ਾ ਹੈ ਅਤੇ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਵਲੋਂ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Gas Leak Cases In Punjab : ਲੁਧਿਆਣਾ ਗੈਸ ਲੀਕ ਕਾਂਡ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਇੱਥੇ ਵਾਪਰ ਚੁੱਕੀਆਂ ਨੇ ਗੈਸ ਲੀਕ ਘਟਨਾਵਾਂ
ਸਵੇਰੇ ਵਾਪਰੀ ਘਟਨਾ :ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਲੁਧਿਆਣਾ 'ਚ 7:15 ਦੇ ਕਰੀਬ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਹੋ ਗਿਆ। ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਰਨ ਵਾਲਿਆਂ ਵਿਚ 2 ਬੱਚਿਆਂ ਸਮੇਤ 5 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਬੱਚਿਆਂ ਦੀ ਉਮਰ 10 ਅਤੇ 13 ਸਾਲ ਹੈ। ਇਹ ਹਾਦਸਾ ਸ਼ਹਿਰ ਦੇ ਗਿਆਸਪੁਰਾ ਇੰਡਸਟਰੀਅਲ ਏਰੀਆ ਨੇੜੇ ਇੱਕ ਇਮਾਰਤ ਵਿੱਚ ਬਣੇ ਦੁੱਧ ਦੇ ਬੂਥ ਵਿੱਚ ਵਾਪਰਿਆ। ਲੁਧਿਆਣਾ ਦੀ ਐਸਡੀਐਮ ਸਵਾਤੀ ਨੇ ਦੱਸਿਆ ਕਿ ਹਾਦਸਾ ਬੇਹੱਦ ਦੁਖਦਾਈ ਹੈ ਅਤੇ ਇਸ ਹਾਦਸੇ ਵਿਚ ਜਿੰਨੇ ਲੋਕਾਂ ਦੀ ਜਾਨ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਇਸ ਦੇ ਨਾਲ ਹੀ, ਗੈਸ ਲੀਕ ਹੋਣ ਕਾਰਨ 12 ਲੋਕ ਬੇਹੋਸ਼ ਹੋ ਗਏ।