ਚੰਡੀਗੜ੍ਹ: ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸੁਵਿਧਾਵਾਂ ਨੂੰ ਆਰਾਮਦਾਇਕ ਢੰਗ ਨਾਲ ਯਕੀਨੀ ਬਣਾਉਣ ਲਈ ਠੋਸ ਉਪਰਾਲੇ ਕਰਦਿਆਂ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹਸਪਤਾਲਾਂ ਵਿੱਚ ਆਰਥਿਕ ਪੱਖੋਂ ਕਮਜ਼ੋਰ ਮਰੀਜ਼ਾਂ ਲਈ ਕੁਝ ਬੈੱਡ ਰਾਖਵੇਂ ਰੱਖਣ ਤਾਂ ਜੋ ਅਜਿਹੇ ਗਰੀਬ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਾ ਲਾਭ ਦਿੱਤਾ ਜਾ ਸਕੇ।
ਲੋਕਾਂ ਨੂੰ ਇਲਾਜ ਲਈ ਘਰ ਅਤੇ ਜ਼ਮੀਨਾਂ ਵੇਚਣੀਆਂ ਪੈਂਦੀਆਂ:-ਪੰਜਾਬ ਇਨਵੈਸਟਰਸ ਸਮਿਟ-2023 ਦੇ ਦੂਜੇ ਅਤੇ ਆਖਰੀ ਦਿਨ ਇੰਡੀਆ ਸਕੂਲ ਆਫ ਬਿਜ਼ਨਸ (ਆਈ.ਐੱਸ.ਬੀ.), ਐੱਸ. ਏ. ਐੱਸ. ਨਗਰ (ਮੁਹਾਲੀ) : ਹੈਲਥਕੇਅਰ ਐਂਡ ਫਾਰਮਾਸਿਊਟੀਕਲ ਸੈਕਟਰ – ਐਮਰਜਿੰਗ ਹੈਲਥਕੇਅਰ ਐਂਡ ਮੈਡੀਕਲ ਈਕੋਸਿਸਟਮ: ਅਪ੍ਰੈਸਿੰਗ, ਅਡੈਪਟਿੰਗ, ਇਫੈਕਟਿੰਗ ਵਿਸ਼ੇ ‘ਤੇ ਲਾਈਵ ਸੈਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਕੋਈ ਵਿਅਕਤੀ ਕੈਂਸਰ ਵਰਗੀ ਗੰਭੀਰ ਅਤੇ ਲਾਇਲਾਜ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ, ਉਸ ਦੇ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ, ਕਈ ਵਾਰ ਹਾਲਾਤ ਇੰਨੇ ਖਰਾਬ ਹੋ ਜਾਂਦੇ ਹਨ ਕਿ ਲੋਕਾਂ ਨੂੰ ਇਲਾਜ ਲਈ ਆਪਣੇ ਘਰ ਅਤੇ ਜ਼ਮੀਨਾਂ ਵੇਚਣੀਆਂ ਪੈਂਦੀਆਂ ਹਨ।
ਪੰਜਾਬ ਸਰਕਾਰ ਸਿਹਤ ਸੰਭਾਲ ਖੇਤਰ ਲਈ ਠੋਸ ਉਪਰਾਲੇ ਕਰ ਰਹੀ:-ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਆਪਣਾ ਹਸਪਤਾਲ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਕੋਲ ਸ਼ੁਰੂ ਕਰਨ ਲਈ ਕੁਝ ਨਹੀਂ ਸੀ, ਸਗੋਂ ਘਰ-ਘਰ ਜਾ ਕੇ ਲੋੜਵੰਦ ਮਰੀਜ਼ਾਂ ਦਾ ਇਲਾਜ ਕੀਤਾ। ਉਨ੍ਹਾਂ ਕਿਹਾ, ''ਮੈਂ ਉਨ੍ਹਾਂ ਲੋਕਾਂ ਦੇ ਘਰ ਵੀ ਗਿਆ ਹਾਂ ਜੋ ਇਲਾਜ ਨਹੀਂ ਕਰਵਾ ਸਕਦੇ ਸਨ ਅਤੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ। ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਸੂਬੇ ਦੇ ਸਿਹਤ ਸੰਭਾਲ ਖੇਤਰ ਲਈ ਰਾਹ ਪੱਧਰਾ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ, ਇਸੇ ਲਈ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ 'ਤੇ ਪੰਜਾਬ ਵਿੱਚ 400 ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ।
ਰਾਜ ਵਿੱਚ 2000 ਤੋਂ ਵੱਧ ਮਲਟੀ-ਸਪੈਸ਼ਲਿਟੀ ਹਸਪਤਾਲ ਤੇ ਹੈਲਥ ਕੇਅਰ ਸੰਸਥਾਵਾਂ:-ਜ਼ਿਕਰਯੋਗ ਹੈ ਕਿ ਰਾਜ ਵਿੱਚ 2000 ਤੋਂ ਵੱਧ ਮਲਟੀ-ਸਪੈਸ਼ਲਿਟੀ ਹਸਪਤਾਲ, ਹੈਲਥ ਕੇਅਰ ਸੰਸਥਾਵਾਂ ਹਨ। ਜਿਨ੍ਹਾਂ ਵਿੱਚ 23 ਜ਼ਿਲ੍ਹਾ ਹਸਪਤਾਲ, 41 ਸਬ-ਡਵੀਜ਼ਨਲ ਹਸਪਤਾਲ, 162 ਸੀ.ਐਚ.ਸੀ, 400 ਤੋਂ ਵੱਧ ਆਮ ਆਦਮੀ ਕਲੀਨਿਕ ਅਤੇ 524 ਸਰਕਾਰੀ ਆਯੁਰਵੈਦਿਕ ਅਤੇ ਯੂਨਾਨੀ ਡਿਸਪੈਂਸਰੀਆਂ ਸ਼ਾਮਲ ਹਨ। ਇਸ ਤੋਂ ਇਲਾਵਾ, ਰਾਜ ਵਿੱਚ ਕੁੱਲ 3034 ਸਿਹਤ ਅਤੇ ਤੰਦਰੁਸਤੀ ਕੇਂਦਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 1570 ਕੇਂਦਰਾਂ ਵਿੱਚ ਟੈਲੀਮੈਡੀਸਨ ਸੇਵਾਵਾਂ ਸ਼ਾਮਲ ਹਨ। ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਨੀਤੀ ਆਯੋਗ ਦੀ ਹੈਲਥ ਇੰਡੈਕਸ ਰਿਪੋਰਟ 2021 ਦੇ ਅਨੁਸਾਰ, ਪੰਜਾਬ ਸਿਖਰਲੇ 10 ਰਾਜਾਂ ਵਿੱਚ ਸ਼ਾਮਲ ਹੈ, ਰਾਜ ਸਰਕਾਰ ਦੁਆਰਾ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ ਦੋਵਾਂ ਨੂੰ ਥਰਸਟ ਸੈਕਟਰਾਂ ਵਜੋਂ ਪਛਾਣਿਆ ਗਿਆ ਹੈ।
ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ:-ਪੰਜਾਬ ਵਿੱਚ ਮੈਡੀਕਲ ਸਿੱਖਿਆ ਦੀ ਕਾਇਆ ਕਲਪ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਵਿਸ਼ੇਸ਼ ਸਿਹਤ ਪੇਸ਼ੇਵਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਸੂਬੇ ਵਿੱਚ 12 ਮੈਡੀਕਲ ਕਾਲਜ (16 ਆਉਣ ਵਾਲੇ ਕਾਲਜ), 13 ਡੈਂਟਲ ਕਾਲਜ, 20 ਵਿਕਲਪਕ ਮੈਡੀਕਲ ਕਾਲਜ ਹਨ। ਫਾਰਮਾ ਵਿੱਚ ਡਿਪਲੋਮਾ/ਡਿਗਰੀ ਦੀ ਪੇਸ਼ਕਸ਼ ਕਰਨ ਵਾਲੇ 150 ਤੋਂ ਵੱਧ ਸੰਸਥਾਵਾਂ, ਜਿਸ ਵਿੱਚ ਹਰ ਸਾਲ ਲਗਭਗ 7000 ਵਿਦਿਆਰਥੀ ਮੈਡੀਕਲ ਗ੍ਰੈਜੂਏਟ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ ਲਈ ਹੋਰ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ ਹੈ।
ਰਾਜ ਵਿੱਚ ਮੈਡੀਕਲ ਵੈਲਿਊ ਟੂਰਿਜ਼ਮ ਹੱਬ ਬਣਨ ਦੀ ਸਮਰੱਥਾ:-ਨਿਵੇਸ਼ਕਾਂ ਨੂੰ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ ਖੇਤਰ ਤੋਂ ਇਲਾਵਾ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਵਿੱਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਰਾਜ ਵਿੱਚ ਮੈਡੀਕਲ ਵੈਲਿਊ ਟੂਰਿਜ਼ਮ ਹੱਬ ਬਣਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਵਿਸ਼ਵ ਪੱਧਰੀ ਮੈਡੀਕਲ ਸੰਸਥਾਵਾਂ ਅਤੇ ਪੈਰਾ-ਮੈਡੀਕਲ ਸਿਖਲਾਈ ਸਮਰੱਥਾਵਾਂ ਉਪਲਬਧ ਹਨ। ਸਿਹਤ ਸੰਭਾਲ ਖੇਤਰ ਵਿੱਚ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਇਨ੍ਹਾਂ ਸੰਸਥਾਵਾਂ ਦਾ ਹੋਰ ਵਿਸਤਾਰ ਕੀਤਾ ਜਾ ਸਕਦਾ ਹੈ।ਇਸ ਦੌਰਾਨ ਮੰਤਰੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਹੋਮੀ ਭਾਭਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਡਾ: ਅਸ਼ੀਸ਼ ਗਿਲੀਅਨ, ਟਾਈਨਰ ਆਰਥੋਟਿਕਸ ਦੇ ਐਮ.ਡੀ ਡਾ. ਪੁਸ਼ਵਿੰਦਰ ਜੀਤ ਸਿੰਘ, ਫੋਰਟਿਸ ਹਸਪਤਾਲ ਦੇ ਸੀ.ਓ. ਓ. ਅਸ਼ੀਸ਼ ਭਾਟੀਆ ਅਤੇ ਕੰਟਰੀ ਪ੍ਰੈਜ਼ੀਡੈਂਟ ਸੈਂਚੁਰੀਅਨ ਫਾਰਮਾਸਿਊਟੀਕਲਜ਼ ਮਨੋਜ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਹ ਵੀ ਪੜੋ:-Deteriorated law and order in Punjab: ਪੰਜਾਬ 'ਚ ਬਣੇ ਹਾਲਾਤਾਂ ਤੋਂ ਡਰੇ ਸਨਅਤਕਾਰ, ਕਿਹਾ-ਯੂਪੀ ਤੋਂ ਵੀ ਮਾੜੇ ਹੋਏ ਪੰਜਾਬ ਦੇ ਹਾਲਾਤ