ਚੰਡੀਗੜ੍ਹ ਡੈਸਕ : ਪੰਜਾਬ ਸਰਕਾਰ ਹੁਣ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਲਈ ਆਈਆਈਐਮ ਅਹਿਮਦਾਬਾਦ ਵਿੱਚ ਭੇਜਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਤੋਂ 50 ਸਕੂਲ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸ ਤੋਂ ਬਾਅਦ ਭਗਵੰਤ ਮਾਨ ਨੇ ਅਪਣੇ ਅਧਿਕਾਰਿਤ ਟਵਿੱਟਰ ਹੈਂਡਲ ਉੱਤੇ ਟਵੀਟ ਵੀ ਕੀਤਾ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦੇ ਪਹਿਲੇ ਬੈਚ ਨੂੰ ਟਰੇਨਿੰਗ ਲਈ IIM ਅਹਿਮਦਾਬਾਦ ਨੂੰ ਰਵਾਨਾ ਕੀਤਾ। ਸਾਰਿਆਂ ਨੂੰ ਮਿਲ ਕੇ ਟਰੇਨਿੰਗ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਪੰਜਾਬ ਦਾ ਸਿੱਖਿਆ ਖੇਤਰ ਹਰ ਰੋਜ਼ ਨਵੀਆਂ ਬੁਲੰਦੀਆਂ ਸਰ ਕਰ ਰਿਹਾ। ਬੱਚਿਆਂ ਸਮੇਤ ਅਧਿਆਪਕਾਂ-ਪ੍ਰਿੰਸੀਪਲਜ਼ ਨੂੰ ਵੀ ਪੜ੍ਹਾਈ ਦੇ ਅਨੋਖੇ ਤੇ ਵੱਖਰੇ ਤਰੀਕੇ ਲੈਕੇ ਆਉਣ ਲਈ ਹਰ ਮਾਹੌਲ ਦਿੱਤਾ ਜਾ ਰਿਹਾ। ਟਰੇਨਿੰਗ ਕਰਵਾਉਣ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਅੱਜ ਪਹਿਲਾ ਬੈਚ ਹੋਇਆ ਰਵਾਨਾ :ਇਸ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕਰਦਿਆ ਜਾਣਕਾਰੀ ਦਿੱਤੀ ਸੀ ਕਿ ਆਈਆਈਐਮ ਅਹਿਮਦਾਬਾਦ ਮੈਨੇਜਮੈਂਟ ਟਰੇਨਿੰਗ ਲਈ ਵਿਸ਼ਵ ਪ੍ਰਸਿੱਧ ਹੈ, ਇਸੇ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਪਹਿਲੇ ਬੈਚ ਨੂੰ ਅੱਜ ਰਵਾਨਾ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਸਿੰਗਾਪੁਰ ਦੀ ਮਸ਼ਹੂਰ ਪ੍ਰਿੰਸੀਪਲ ਅਕੈਡਮੀ ਤੋਂ 138 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਦੇ ਚੁੱਕੀ ਹੈ। ਪਿਛਲੇ ਹਫ਼ਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਮਸ਼ਹੂਰ ਪ੍ਰਿੰਸੀਪਲ ਦੀ ਅਕੈਡਮੀ ਵਿੱਚ ਪੜ੍ਹਾਉਣ ਅਤੇ ਪ੍ਰਬੰਧ ਕਰਨ ਦਾ ਤਰੀਕਾ ਸਿਖਾਉਣ ਲਈ ਭੇਜਿਆ ਸੀ। ਇਸ ਕੜੀ ਵਿੱਚ 36-36 ਪ੍ਰਿੰਸੀਪਲਾਂ ਦੇ 2 ਬੈਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਭੇਜੇ ਗਏ। ਉਨ੍ਹਾਂ ਦੀ ਸਿਖਲਾਈ ਦੀ ਸਮਾਂ ਸੀਮਾ 24 ਜੁਲਾਈ ਤੋਂ 28 ਜੁਲਾਈ ਤੱਕ ਸੀ।
ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨ ਲਈ ਤਿਆਰ :ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਾਹੇ ਉਹ ਪੜ੍ਹਾਉਣ ਦੇ ਨਵੇਂ ਤਰੀਕੇ ਹਨ ਜਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਚੰਦਰਯਾਨ-3 ਦੇ ਲਾਈਵ ਲਾਂਚਿੰਗ ਨੂੰ ਦਿਖਾਉਣ ਲਈ ਇਸਰੋ ਲੈ ਕੇ ਜਾਣਾ, ਵੋਕੇਸ਼ਨਲ ਕੈਂਪ ਲਗਾਉਣਾ ਜਾਂ ਵਿਹਲੇ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ। ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ ਕਰਨ ਲਈ ਤਿਆਰ ਹੈ। ਸਕੂਲ ਆਫ਼ ਐਮੀਨੈਂਸ ਵਿੱਚ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਗੱਲ ਕਹੀ, ਜਿਸ ਦੇ ਸਾਕਾਰਾਤਮਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਮੇਂ ਦੇ ਨਾਲ ਤੁਰਨਾ ਪੈਂਦਾ ਹੈ, ਸਿੱਖਿਆ ਦੇ ਢੰਗ-ਤਰੀਕੇ ਬਦਲਦੇ ਰਹਿੰਦੇ ਹਨ।