ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਵੱਲੋ ਅਪ੍ਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਲੋਕਾਂ ਵਿੱਚ ਵੰਡਿਆ ਨਹੀਂ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਗਰੀਬਾਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਨਾ ਕਰੇ।
ਕੇਂਦਰੀ ਮੰਤਰੀ ਨੇ ਕਿਹਾ ਕਿ ਪੂਰੇ ਸੂਬੇ ਵਿੱਚੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਭਾਵੇਂ ਮਈ ਮਹੀਨੇ ਲਈ ਕੇਂਦਰੀ ਰਾਹਤ, ਜਿਸ ਵਿੱਚ ਕਣਕ ਅਤੇ ਦਾਲਾਂ ਸ਼ਾਮਿਲ ਹਨ, ਪੰਜਾਬ ਵਿੱਚ ਪਹੁੰਚ ਚੁੱਕੀ ਹੈ, ਪਰੰਤੂ ਅਜੇ ਤੱਕ ਪਿਛਲੇ ਮਹੀਨਾ ਦਾ ਰਾਸ਼ਨ ਵੀ ਲੋਕਾਂ ਵਿੱਚ ਵੰਡਿਆ ਨਹੀਂ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਬਹੁਤ ਥੋੜ੍ਹਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਹੁਣ ਤੱਕ ਕੇਂਦਰ ਵੱਲੋਂ ਪੰਜਾਬ ਦੀ ਅੱਧੀ ਅਬਾਦੀ ਯਾਨਿ 1.4 ਕਰੋੜ ਲੋਕਾਂ ਲਈ ਸੂਬਾ ਸਰਕਾਰ ਨੂੰ ਇੱਕ ਲੱਖ ਮੀਟਰਿਕ ਟਨ ਕਣਕ ਅਤੇ 6 ਹਜ਼ਾਰ ਮੀਟਰਿਕ ਟਨ ਦਾਲਾਂ ਭੇਜੀਆਂ ਜਾ ਚੁੱਕੀਆਂ ਹਨ।