ਚੰਡੀਗੜ੍ਹ: 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਵੱਡਾ ਬਿਆਨ ਦਿੱਤਾ ਸੀ। ਇਸ ਬਿਆਨ ਤੋਂ ਬਾਅਦ ਸਿਆਸੀ ਟਿੱਪਣੀਆਂ ਵੀ ਆ ਰਹੀਆਂ ਹਨ। ਇਸ ਮੁੱਦੇ ਉੱਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤੇ ਹਨ।
ਹਰਸਿਮਰਤ ਕੌਰ ਬਾਦਲ ਵਲੋਂ ਦੋ ਟਵੀਟ ਕੀਤੇ ਗਏ ਹਨ। ਇਕ ਵਿਚ ਉਨ੍ਹਾਂ ਕਿਹਾ ਕਿ ਡਾ: ਸਿੰਘ ਅਤੇ ਸ਼੍ਰੀਮਤੀ ਗਾਂਧੀ ਦੇ ਮੰਨਣ ਪਿੱਛੇ ਰਾਹੁਲ ਗਾਂਧੀ ਦਾ ਕੀ ਸਮਰਥਨ ਹੈ। ਕਿਸੇ ਕਾਂਗਰਸੀ ਨੇ ਕਦੇ ਵੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਅਤੇ 84 ਦੇ ਕਤਲੇਆਮ ਨੂੰ ਗੁਨਾਹ ਨਹੀਂ ਮੰਨਿਆ। ਇਸ ਮਸਲੇ ਉੱਤੇ ਹਮੇਸ਼ਾ ਚੁੱਪੀ ਰੱਖੀ ਹੈ।
ਇਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਰਾਜਨੀਤਿਕ ਲਾਹਾ ਲੈਣ ਲਈ ਦਸਤਾਰ ਸਜਾਉਣ ਦਾ ਢੋਂਗ ਰਚ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਥਾਂ ਸਪਸ਼ਟ ਕਰੇ ਕੇ ਸਿੱਖਾਂ ਅਤੇ ਉਨ੍ਹਾਂ ਦੇ ਪਾਵਨ ਧਾਰਮਿਕ ਸਥਾਨਾਂ ਉੱਤੇ ਕੀਤੇ ਹਮਲੇ ਲਈ ਕਦੋਂ ਅਤੇ ਕਿਹੜੇ ਸ਼ਬਦਾਂ 'ਚ ਉਸਦੇ ਮਾਪਿਆਂ ਨੇ ਇਕਬਾਲ ਕਰਕੇ ਸਿੱਖ ਸਮੁਦਾਇ ਤੋਂ ਮੁਆਫ਼ੀ ਮੰਗੀ ਹੈ।
ਇਹ ਵੀ ਪੜ੍ਹੋ:ਮਨਪ੍ਰੀਤ ਬਾਦਲ ਦੇ ਅਸਤੀਫ਼ੇ 'ਤੇ ਸਿਆਸਤ ਤੇਜ਼, ਰਾਜਾ ਵੜਿੰਗ ਨੇ ਸ਼ਾਇਰਾਨਾ ਅੰਦਾਜ਼ 'ਚ ਕੱਸਿਆ ਤੰਜ
ਦਲਜੀਤ ਚੀਮਾ ਨੇ ਵੀ ਕੀਤਾ ਟਵੀਟ:ਸ਼੍ਰੋਮਣੀ ਅਕਾਲੀ ਦਲ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਪ੍ਰੈਸ ਕਾਨਫਰੰਸ ਵਿਚ ਦੋਵੇਂ ਮਾਮਲਿਆਂ ਬਾਰੇ ਪੁੱਛੇ ਸਵਾਲ ਦਾ ਰਾਹੁਲ ਗਾਂਧੀ ਨੇ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਉਲਟਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਲ ਸਿੰਘ ਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪਿੱਛੇ ਲੁੱਕਣ ਦੀ ਕੋਸ਼ਿਸ਼ ਕੀਤੀ। ਡਾ. ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦੋਵਾਂ ਮਾਮਲਿਆਂ ’ਤੇ ਸੋਨੀਆ ਗਾਂਧੀ ਵੱਲੋਂ ਮੰਗੀ ਮੁਆਫੀ ਜਨਤਕ ਵੀ ਕਰਨ ਕਿਉਂਕਿ ਦੁਨੀਆਂ ਇਸ ਬਾਰੇ ਜਾਣਦੀ ਹੀ ਨਹੀਂ ਹੈ।
ਡਾ. ਚੀਮਾ ਨੇ ਰਾਹੁਲ ਗਾਂਧੀ ਦੇ ਦੋਵਾਂ ਮਾਮਲਿਆਂ ’ਤੇ ਬੇਪਰਵਾਹ ਰਵੱਈਏ ’ਤੇ ਅਫਸੋਸ ਪ੍ਰਗਟ ਕੀਤਾ ਕਿਉਂਕਿ ਇਹ ਮਾਮਲੇ ਸਾਰੀ ਦੁਨੀਆਂ ਵਿਚ ਸਿੱਖ ਕੌਮ ਨੂੰ ਹਮੇਸ਼ਾ ਪੀੜਾ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਦੇ ਪਰਿਵਾਰ ਨੇ ਸਿੱਖਾਂ ਦਾ ਕੀ ਨੁਕਸਾਨ ਕੀਤਾ ਹੈ ਤੇ ਉਹ ਇਸ ਲਈ ਅਫਸੋਸ ਕਰਨ ਤੋਂ ਵੀ ਇਨਕਾਰੀ ਹਨ। ਉਹਨਾਂ ਕਿਹਾ ਕਿ ਅਸੀਂ ਸਮਝਦੇ ਸੀ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਪੰਜਾਬੀਆਂ ਨਾਲ ਗੱਲਬਾਤ ਕਰ ਰਹੇ ਹਨ ਤਾਂ ਉਹ ਇਸ ਗੱਲ ਦੀ ਅਹਿਮੀਅਤ ਸਮਝ ਗਏ ਹੋਣਗੇ। ਉਹਨਾਂ ਕਿਹਾ ਕਿ ਜੋ ਵਿਅਕਤੀ ਸਿੱਖਕੌਮ ਦੀ ਪੀੜਾ ਸਮਝਣ ਵਿਚ ਵੀ ਫੇਲ੍ਹ ਹੈ, ਉਹ ਦੇਸ਼ ਦੀ ਅਗਵਾਈ ਕਿਵੇਂ ਕਰ ਸਕਦਾ ਹੈ। ਉਹਨਾਂ ਨੇ ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦਾ ਬਚਾਅ ਕਰਨ ਵਾਸਤੇ ਵੀ ਰਾਹੁਲਗਾਂਧੀ ਦੀ ਨਿਖੇਧੀ ਕੀਤੀ।
ਕੀ ਕਿਹਾ ਸੀ ਰਾਹੁਲ ਗਾਂਧੀ ਨੇ:1984 ਸਿੱਖ ਨਸਲਕੁਸ਼ੀ 'ਤੇ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਦਨ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਪਹਿਲਾਂ ਹੀ ਆਪਣਾ ਅਤੇ ਕਾਂਗਰਸ ਪਾਰਟੀ ਦਾ ਸਟੈਂਡ ਸਪਸ਼ਟ ਕਰ ਚੁੱਕੇ ਹਨ। ਉਨ੍ਹਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਸਿਰਫ ਪੰਜਾਬੀਆਂ ਦੀ ਹੀ ਨਹੀਂ ਸਗੋਂ ਸਿੱਖ ਭਾਈਚਾਰੇ ਦੀ ਵੀ ਬਹੁਤ ਤਾਰੀਫ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਖ ਕੌਮ ਲਈ ਮੇਰੇ ਦਿਲ ਵਿਚ ਬਹੁਤ ਇੱਜ਼ਤ ਹੈ। ਇਹ ਪਿਆਰ ਦਾ ਹੀ ਸਵਾਲ ਹੈ।
ਉਨ੍ਹਾਂ ਕਿਹਾ ਕਿ ਮੇਰਾ ਪੰਜਾਬ ਦੇ ਲੋਕਾਂ ਖ਼ਾਸ ਕਰ ਸਿੱਖ ਭਾਈਚਾਰੇ ਨਾਲ ਅਥਾਹ ਪਿਆਰ ਹੈ। ਸਿੱਖ ਕੌਮ ਨੇ ਜੋ ਵੀ ਕੀਤਾ ਅਤੇ ਜੋ ਵੀ ਭਵਿੱਖ 'ਚ ਕਰੇਗੀ, ਉਸ ਕਾਰਨ ਮੇਰੇ ਦਿਲ 'ਚ ਉਨ੍ਹਾਂ ਲਈ ਬਹੁਤ ਇੱਜ਼ਤ ਅਤੇ ਸਤਿਕਾਰ ਹੈ। ਅੱਗੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਸਿੱਖ ਕੌਮ ਨਾ ਹੁੰਦੀ ਤਾਂ ਭਾਰਤ 'ਭਾਰਤ' ਨਾ ਹੁੰਦਾ। ਸਿੱਖ ਕੌਮ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ।