ਚੰੜੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਧਾਰਾ 370 ਤੇ 35 ਏ ਖਤਮ ਕਰਨ ਨੂੰ ਪ੍ਰਾਪਤੀ ਦੱਸਣ ਦੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਮੰਤਰੀ ਨੂੰ ਇਸ ਬਦਲੇ ਸਮੁੱਚੇ ਪੰਜਾਬੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਰੰਧਾਵਾ ਨੇ ਕਿਹਾ ਕਿ ਸਾਰੀ ਉਮਰ ਸੰਘੀ ਢਾਂਚੇ ਦੇ ਨਾਮ ਉਤੇ ਰੋਟੀਆਂ ਸੇਕਣ ਵਾਲੇ ਅਕਾਲੀ ਦਲ ਦੇ ਇਤਿਹਾਸ ਦਾ ਕੱਲ੍ਹ ਕਾਲਾ ਦਿਨ ਸੀ ਜਦੋਂ ਅਕਾਲੀ ਦਲ ਉਤੇ ਪੂਰੀ ਤਰ੍ਹਾਂ ਕਾਬਜ ਬਾਦਲ ਪਰਿਵਾਰ ਦੀ ਨੂੰਹ ਨੇ ਮੋਦੀ ਸਰਕਾਰ ਦੇ 100 ਦਿਨਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆ ਜੰਮੂ ਕਸਮੀਰ ਵਿੱਚ ਧਾਰਾ 370 ਤੇ 35 ਏ ਖਤਮ ਕਰਨ ਨੂੰ ਆਪਣੀ ਸਰਕਾਰ ਦੀ ਪ੍ਰਾਪਤੀ ਦੱਸੀ।
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਤਾਂ ਹੁਣ ਇਹ ਵੀ ਸੱਕ ਹੀ ਨਹੀਂ ਸਗੋਂ ਪੂਰਾ ਯਕੀਨ ਹੀ ਹੋ ਗਿਆ ਹੈ ਕਿ ਹਰਸਿਮਰਤ ਬਾਦਲ ਨੂੰ ਅਕਾਲੀ ਦਲ ਦੇ 1967 ਦੇ ਮੈਨੀਫੈਸਟੋ, ਬਟਾਲਾ ਕਾਨਫਰੰਸ ਅਤੇ 1973 ਦੇ ਆਨੰਦਪੁਰ ਸਾਹਿਬ ਦੇ ਮਤੇ ਬਾਰੇ ਉੱਕੀ ਹੀ ਜਾਣਕਾਰੀ ਨਹੀਂ ਹੈ।
ਕਾਂਗਰਸੀ ਆਗੂ ਨੇ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਆਨੰਦਪੁਰ ਸਾਹਿਬ ਦੇ ਮਤੇ ਅਤੇ ਅਕਾਲੀ ਦਲ ਦੇ ਸੰਘੀ ਢਾਂਚੇ ਬਾਰੇ ਆਪਣਾ ਸਟੈਂਡ ਸਪੱਸਟ ਕਰੇ,
ਉਨ੍ਹਾਂ ਇਸ ਮੁੱਦੇ ਉਤੇ ਅਕਾਲੀ ਦਲ ਦੇ ਸੁਪਰੀਮੋ ਪਰਕਾਸ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣਾ ਪੱਖ ਦੱਸਣ ਲਈ ਕਿਹਾ ਹੈ ਕਿ ਉਹ ਹਾਲੇ ਵੀ ਪੰਜਾਬ ਲਈ ਧਾਰਾ 370 ਦੀ ਮੰਗ ਅਤੇ ਦੇਸ ਦੇ ਸੰਘੀ ਢਾਂਚੇ ਨੂੰ ਮਜਬੂਤ ਕਰਨ ਦੀ ਵਕਾਲਤ ਕਰਦੇ ਹਨ ਜਾਂ ਹਰਸਿਮਰਤ ਬਾਦਲ ਦੇ ਬਿਆਨ ਦੀ ਪ੍ਰੋੜਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲੋਂ ਪੂਰਾ ਪੰਜਾਬ ਇਸ ਮਾਮਲੇ ਉਤੇ ਸਪੱਸਟੀਕਰਨ ਮੰਗਦਾ ਹੈ।
ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੇ 1967 ਵਿੱਚ ਆਪਣੇ ਮੈਨੀਫੈਸਟੋ ਵਿੱਚ ਪੰਜਾਬ ਲਈ ਧਾਰਾ 370 ਦੀ ਮੰਗ ਕੀਤੀ ਸੀ ਅਤੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸੂਬਿਆਂ ਲਈ ਵੱਧ ਅਧਿਕਾਰ ਮੰਗੇ ਸਨ, ਅਕਾਲੀ ਦਲ ਨੇ ਸਾਰੀ ਉਮਰ ਸੰਘੀ ਢਾਂਚੇ ਦੀ ਵਕਾਲਤ ਦੇ ਨਾਮ ਉਤੇ ਰੋਟੀਆਂ ਸੇਕੀਆਂ ਅਤੇਹੁਣ ਬਾਦਲ ਪਰਿਵਾਰ ਦੀ ਨੂੰਹ ਆਪਣੀ ਵਜੀਰੀ ਖਾਤਰ ਸੰਘੀ ਢਾਂਚੇ ਦੀ ਸੰਘੀ ਘੁੱਟ ਰਹੀ ਮੋਦੀ ਸਰਕਾਰ ਦੇ ਸੋਹਲੇ ਗਾ ਰਹੀ ਹੈ।
ਉਨ੍ਹਾਂ ਕਿਹਾ ਕਿ ਅੱਜ ਟਕਸਾਲੀ ਅਕਾਲੀਆਂ ਦੀ ਵੀ ਰੂਹ ਵੀ ਰੋ ਰਹੀ ਹੋਵੇਗੀ ਕਿ ਜਿਸ ਬਾਦਲ ਪਰਿਵਾਰ ਨੇ ਅਕਾਲੀ ਦਲ ਦੇ ਸਿਰ ਉਤੇ ਆਪਣੀ ਸਲਤਨਤ ਖੜ੍ਹੀ ਕੀਤੀ ਹੈ ਉਸੇ ਪਰਿਵਾਰ ਦੀ ਮੈਂਬਰ ਸਰ੍ਹੇਆਮ ਪ੍ਰੈਸ ਕਾਨਫਰੰਸ ਕਰ ਕੇ ਅਕਾਲੀ ਦਲ ਦੇ ਸਿਧਾਂਤਾਂ ਨੂੰ ਨਾ ਸਿਰਫ ਤਿਲਾਂਜਲੀ ਦੇ ਰਹੀ ਹੈ ਸਗੋਂ ਹੁੱਬ ਹੁੱਬ ਕੇ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ।