ਚੰਡੀਗੜ੍ਹ: ਕਸਬਾ ਭੀਖੀ ਦੇ ਆਈ.ਟੀ.ਬੀ.ਪੀ. ਵਿੱਚ ਭਰਤੀ ਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ ਉੱਤੇ ਤੈਨਾਤ ਜਵਾਨ ਜਸਵੰਤ ਸਿੰਘ ਸ਼ਹੀਦ ਹੋ ਗਏ ਹਨ। ਜਵਾਨ ਜਸਵੰਤ ਸਿੰਘ ਡਿਊਟੀ ਦੇ ਬਾਅਦ ਬਟਾਲੀਅਨ ਦੀ ਗੱਡੀ ਲੈ ਕੇ ਡਿਉਟੀ ਤੋਂ ਪਰਤ ਰਹੇ ਸੀ ਜਿਸ ਵੇਲੇ ਗੱਡੀ 250 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ।
ਸ਼ਹੀਦ ਜਸਵੰਤ ਸਿੰਘ ਦੀ ਮੌਤ 'ਤੇ ਸਾਬਕਾ ਕੇਂਦਰੀ ਮੰਤਰੀ ਹਰਮਿਰਤ ਕੌਰ ਬਾਦਲ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਟਵੀਟ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ, "ਬਠਿੰਡਾ ਲੋਕ ਸਭਾ ਹਲਕੇ 'ਚ ਪੈਂਦੇ ਜ਼ਿਲ੍ਹਾ ਮਾਨਸਾ ਦੇ ਕਸਬਾ ਭੀਖੀ ਦੇ ਫ਼ੌਜੀ ਜਵਾਨ ਜਸਵੰਤ ਸਿੰਘ ਦੀ ਅਰੁਣਾਚਲ ਪ੍ਰਦੇਸ਼ ਦੇ ਡਾਮਡਿੰਗ (ਭਾਰਤ-ਚੀਨ ਸਰਹੱਦ) ਵਿਖੇ ਸੜਕ ਹਾਦਸੇ 'ਚ ਹੋਈ ਮੌਤ ਦਾ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹਾਂ। ਅਰਦਾਸ ਹੈ ਕਿ ਅਕਾਲ ਪੁਰਖ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰਨ।"
ਦੱਸ ਦੇਇਏ ਕਿ ਜਸਵੰਤ ਸਿੰਘ 11 ਸਾਲ ਪਹਿਲਾਂ ਆਈ.ਟੀ.ਬੀ.ਪੀ. ਵਿੱਚ ਭਰਤੀ ਹੋਏ ਸਨ ਤੇ ਪਿਛਲੇ 2 ਸਾਲਾਂ ਤੋਂ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਬਾਰਡਰ 'ਤੇ ਤੈਨਾਤ ਸਨ। ਸ਼ਹੀਦ ਜਵਾਨ ਜਸਵੰਤ ਸਿੰਘ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਏ ਹਨ। ਜਵਾਨ ਜਸਵੰਤ ਸਿੰਘ ਦਾ ਅੱਜ ਗੁਵਾਹਟੀ (ਆਸਾਮ) ਵਿੱਚ ਅੰਤਮ ਸੰਸਕਾਰ ਕੀਤਾ ਜਾਵੇਗਾ ।