ਚੰਡੀਗੜ੍ਹ: ਪ੍ਰਦੂਸ਼ਣ ਕਈ ਤਰ੍ਹਾਂ ਦਾ ਹੁੰਦਾ ਹੈ ਜੋ ਕੁਦਰਤੀ ਸ੍ਰੋਤਾਂ ਅਤੇ ਮਨੁੱਖੀ ਜ਼ਿੰਦਗੀ 'ਤੇ ਕਈ ਤਰੀਕੇ ਨਾਲ ਨਾਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਹਨਾਂ ਵਿੱਚੋਂ ਇੱਕ ਹੈ ਸ਼ੋਰ ਯਾਨਿ ਕਿ ਅਵਾਜ਼ ਦਾ ਪ੍ਰਦੂਸ਼ਣ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਿਕ ਸ਼ੋਰ ਪ੍ਰਦੂਸ਼ਣ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੁੰਦਾ। ਸ਼ੋਰ ਪ੍ਰਦੂਸ਼ਣ ਹਾਰਟ ਅਟੈਕ ਦਾ ਕਾਰਨ ਬਣਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧਦਾ ਹੈ। ਇੰਨਾ ਹੀ ਨਹੀਂ ਹੋਰ ਕਈ ਬਿਮਾਰੀਆਂ ਸ਼ੋਰ ਪ੍ਰਦੂਸ਼ਣ ਕਾਰਨ ਸਰੀਰ ਨੂੰ ਲੱਗ ਸਕਦੀਆਂ ਹਨ। ਦੁਨੀਆਂ ਭਰ ਦੇ ਲੋਕ ਵੱਧਦੀ ਅਬਾਦੀ ਕਾਰਨ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਨਾਲ ਲਗਾਤਾਰ ਜੂਝ ਰਹੇ ਹਨ। ਮੈਟਰੋ ਪੋਲੀਟਨ ਸ਼ਹਿਰਾਂ ਵਿੱਚ ਸ਼ੋਰ ਪ੍ਰਦੂਸ਼ਣ ਦਾ ਹੋਰ ਵੀ ਬੁਰਾ ਹਾਲ ਹੈ। ਸ਼ਹਿਰੀ ਅਬਾਦੀ ਸ਼ੋਰ ਪ੍ਰਦੂਸ਼ਣ ਰਾਹੀਂ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਪੰਜਾਬ ਵਿੱਚ ਵੱਡੇ ਸ਼ਹਿਰ ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਵਿੱਚ ਵੀ ਸ਼ੋਰ ਪ੍ਰਦੂਸ਼ਣ ਦੀ ਸਮੱਸਿਆ ਆਮ ਵੇਖਣ ਨੂੰ ਮਿਲਦੀ ਹੈ।
ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ ਸ਼ੋਰ ਪ੍ਰਦੂਸ਼ਣ: ਸ਼ੋਰ ਪ੍ਰਦੂਸ਼ਣ ਦੇ ਖ਼ਤਰੇ ਨੂੰ ਸਮਝਦਿਆਂ ਸਕੂਲਾਂ ਅਤੇ ਹਸਪਤਾਲਾਂ ਦੇ ਬਾਹਰ ਹਾਰਨ ਨਾ ਵਜਾਉਣ ਦੇ ਬੋਰਡ ਲੱਗੇ ਹੁੰਦੇ ਹਨ। ਸ਼ੋਰ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਸਰੀਰਕ ਅਤੇ ਮਾਨਸਿਕ ਕ੍ਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਸ਼ੋਰ ਦਿਲ ਤੱਕ ਅਸਰ ਕਰਦਾ ਹੈ ਅਤੇ ਹਾਰਟ ਅਟੈਕ ਦਾ ਖ਼ਤਰਾ ਵੀ ਪੈਦਾ ਕਰਦਾ ਹੈ। ਜ਼ਿਆਦਾ ਸ਼ੋਰ 'ਚ ਰਹਿਣ ਨਾਲ ਸਰੀਰ ਚੇਤੰਨ ਅਵਸਥਾ 'ਚ ਰਹਿੰਦਾ ਹੈ ਅਤੇ ਜਿਸ ਨਾਲ ਇੰਡੋਕ੍ਰਾਈਨ ਸਿਸਟਮ ਦੀਆਂ ਗਤੀਵਿਧੀਆਂ ਵੱਧ ਜਾਂਦੀਆਂ ਹਨ। ਜਿਸ ਦਾ ਅਸਰ ਦਿਲ 'ਤੇ ਹੁੰਦਾ ਹੈ। ਇਸ ਨਾਲ ਦਿਲ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਅਤੇ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ੋਰ ਸਰੀਰ ਦੀ ਅਰਾਮਦਾਇਕ ਅਵਸਥਾ ਨੂੰ ਪ੍ਰਭਾਵਿਤ ਕਰਦਾ ਹੈ ਜਿਸ ਕਰਕੇ ਨੀਂਦ ਨਹੀਂ ਪੂਰੀ ਹੁੰਦੀ। ਨੀਂਦ ਨਾ ਪੂਰੀ ਹੋਣ ਕਰਕੇ ਹਾਈਪਰਟੈਨਸ਼ਨ ਅਤੇ ਮਾਨਸਿਕ ਵਿਕਾਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਸ਼ੋਰ ਹਮੇਸ਼ਾ ਲਈ ਬੋਲਾਪਣ ਵੀ ਪੈਦਾ ਕਰ ਦਿੰਦਾ ਹੈ।
ਸ਼ੋਰ ਵਿਚ ਰਹਿਣ ਵਾਲੇ ਲੋਕਾਂ ਦੀ ਉਮਰ 1 ਸਾਲ ਘੱਟਦੀ ਹੈ:ਬਹੁਤ ਸਾਰੇ ਲੋਕ ਜੋ ਸ਼ੋਰ ਦੇ ਨੇੜੇ-ਤੇੜੇ ਰਹਿੰਦੇ ਹਨ ਜਿਵੇਂ ਕਿ ਸੜਕ ਜਾਂ ਉਦਯੋਗਿਕ ਇਕਾਈਆਂ ਦੇ ਨੇੜੇ । ਉਹਨਾਂ ਲੋਕਾਂ ਉੱਤੇ ਸ਼ੋਰ ਪ੍ਰਦੂਸ਼ਣ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ। ਖੋਜਾਂ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਲੋਕਾਂ ਦੀ ਉਮਰ ਆਮ ਨਾਲ 1 ਸਾਲ ਘੱਟ ਜਾਂਦੀ ਹੈ। ਇਸ ਲਈ ਸ਼ਹਿਰ ਬਣਾਉਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਈ ਵਾਰ ਹਦਾਇਦਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਸੜਕ ਜਾਂ ਸ਼ੋਰ ਗੁੱਲ ਥਾਵਾਂ ਤੋਂ ਰਿਹਾਇਸ਼ੀ ਖੇਤਰ ਘੱਟੋ- ਘੱਟੋ 15 ਮੀਟਰ ਦੀ ਦੂਰੀ 'ਤੇ ਹੋਵੇ। ਕਈ ਥਾਵਾਂ ਉੱਤੇ ਰਾਤ ਦੇ 10 ਵਜੇ ਤੋਂ ਸਵੇਰ ਦੇ 6 ਵਜੇ ਤੱਕ ਉੱਚੀ ਅਵਾਜ਼ ਵਿਚ ਡੀਜੇ ਵਜਾਉਣ 'ਤੇ ਪਾਬੰਦੀ ਹੈ। ਉਦਯੋਗਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ ਵੀ ਸਰਕਾਰ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।