ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਵਿੱਚ ਵੱਡਾ ਫੇਰਬਦਲ ਕੀਤਾ ਹੈ। ਇਸ ਤਹਿਤ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਜਨਰਲ ਸਕੱਤਰ ਲਾਇਆ ਗਿਆ ਹੈ। ਇਸਤੋਂ ਇਲਾਵਾ ਮੁਕੁਲ ਵਾਸਨਿਕ ਐਮ.ਪੀ., ਪ੍ਰਿਅੰਕਾ ਗਾਂਧੀ ਵਾਡਰਾ ਯੂ.ਪੀ. ਅਤੇ ਅਜੇ ਮਾਕਨ ਨੂੰ ਰਾਜਸਥਾਨ ਦਾ ਜਨਰਲ ਸਕੱਤਰ ਬਣਾਇਆ ਗਿਆ।
72 ਸਾਲ ਦੇ ਹਰੀਸ਼ ਰਾਵਤ 2014-17 ਸਮੇਂ ਦੌਰਾਨ ਉਤਰਾਖੰਡ ਦੇ ਮੁੱਖ ਮੰਤਰੀ ਰਹੇ ਹਨ। ਇਸਦੇ ਨਾਲ ਹੀ ਉਹ ਪੰਜ ਵਾਰ ਐਮ.ਪੀ. ਵੀ ਰਹੇ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸਮੇਂ ਉਹ 2012 ਤੋਂ 2014 ਤੱਕ ਕੇਂਦਰੀ ਜਲ ਸਰੋਤ ਮੰਤਰੀ ਵੀ ਰਹੇ।
ਲੰਮੇ ਸਮੇਂ ਤੱਕ ਯੂਥ ਕਾਂਗਰਸ ਦੇ ਮੈਂਬਰ ਰਹੇ ਹਰੀਸ਼ ਰਾਵਤ ਨੇ ਪਹਿਲੀ ਵਾਰੀ ਪਾਰਲੀਮੈਂਟ ਵਿੱਚ ਸੰਨ 1980 ਦੀ 7ਵੀਂ ਲੋਕ ਸਭਾ ਸੀਟ ਅਲਮੋਰਾ ਨੂੰ ਜਿੱਤ ਕੇ ਕਦਮ ਰੱਖਿਆ। ਇਥੇ ਉਨ੍ਹਾਂ ਨੇ ਆਪਣੇ ਵਿਰੋਧੀ ਭਾਜਪਾ ਦੇ ਦਿੱਗਜ਼ ਆਗੂ ਮੁਰਲੀ ਮਨੋਹਰ ਜੋਸ਼ੀ ਨੂੰ ਹਰਾਇਆ ਸੀ।
ਕਾਂਗਰਸ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਨਵੀਂ ਸੀਡਬਲਯੂਸੀ ਜਾਰੀ ਕੀਤੀ, ਜਿਸ ਵਿੱਚ 22 ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਇਸਤੋਂ ਇਲਾਵਾ 26 ਇਨਵਾਇਟੀ ਅਤੇ 10 ਸਪੈਸ਼ਲ ਇਨਵਾਇਟੀ ਮੈਂਬਰ ਵੀ ਸ਼ਾਮਲ ਕੀਤੇ ਗਏ ਹਨ।