ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਕੇਂਦਰੀ ਰਾਜ ਮੰਤਰੀ ਹਰਦੀਪ ਪੁਰੀ ਨੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਗੁੰਡੇ ਅਤੇ ਬਦਮਾਸ਼ ਕਿਹਾ ਹੈ। ਉਨ੍ਹਾਂ ਨੇ ਅਜਿਹੇ ਸ਼ਬਦ ਵਰਤ ਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਨੇ ਪੁਰੀ ਨੂੰ ਤੁਰੰਤ ਮੁਆਫੀ ਮੰਗਣ ਲਈ ਕਿਹਾ।
ਹਰਦੀਪ ਪੁਰੀ ਦਾ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ-ਬਦਮਾਸ਼ ਕਹਿਣਾ ਬਹੁਤ ਹੀ ਸ਼ਰਮਨਾਕ: ਅਕਾਲੀ ਦਲ - Hardeep Puri
ਅਕਾਲੀ ਦਲ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਪੁਰੀ ਵੱਲੋਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁੰਡੇ-ਬਦਮਾਸ਼ ਕਹੇ ਜਾਣ ਉੱਤੇ ਪੁਰੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ।
ਅਕਾਲੀ ਲੀਡਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹਰਦੀਪ ਪੁਰੀ ਨੇ ਆਪਣਾ ਦਿਮਾਗੀ ਤਵਾਜ਼ਨ ਗੁਆ ਲਿਆ ਹੈ ਤੇ ਉਹ ਇੰਨੇ ਜ਼ਿਆਦਾ ਹੰਕਾਰੀ ਹੋ ਗਏ ਹਨ ਕਿ ਉਨ੍ਹਾਂ ਨੇ ਸਿਰਫ਼ ਇਸ ਕਰ ਕੇ ਪੰਜਾਬੀਆਂ ਨੂੰ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬੀ ਕਿਸਾਨਾਂ, ਖੇਤ ਮਜ਼ਦੁਰਾਂ ਤੇ ਆੜ੍ਹਤੀਆਂ ਦੇ ਹੱਕਾਂ ਦੀ ਰਾਖੀ ਲਈ ਉਠ ਖੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ ਹੈ ਕਿ ਪੁਰੀ, ਜੋ ਆਪ ਇੱਕ ਪੰਜਾਬੀ ਹਨ, ਖ਼ੁਦ ਸਿਰਫ਼ ਸੱਤਾ ਦੀ ਲਾਲਸਾ ਕਾਰਨ ਆਪਣੇ ਹੀ ਲੋਕਾਂ ਵਿਰੁੱਧ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਇਸ ਦਗਾਬਾਜ਼ੀ ਨੂੰ ਕਦੇ ਨਹੀਂ ਭੁੱਲਣਗੇ।
ਉਨ੍ਹਾਂ ਕਿਹਾ ਕਿ ਪੁਰੀ ਨੇ ਕੋਰਾ ਝੂਠ ਬੋਲਿਆ ਕਿ ਜਦੋਂ 3 ਜੂਨ ਨੂੰ ਤਿੰਨ ਖੇਤੀ ਬਿੱਲ ਮੰਤਰੀ ਮੰਡਲ ਵਿੱਚ ਪੇਸ਼ ਕੀਤੇ ਗਏ ਤਾਂ ਉਹ ਮੀਟਿੰਗ ਵਿੱਚ ਮੌਜੂਦ ਸਨ ਤੇ ਹਰਸਿਮਰਤ ਬਾਦਲ ਨੇ ਬਿੱਲਾਂ ਖਿਲਾਫ ਕੋਈ ਖਦਸ਼ਾ ਪ੍ਰਗਟ ਨਹੀਂ ਕੀਤਾ। ਜਦਕਿ ਸੱਚਾਈ ਇਹ ਹੈ ਕਿ ਪਹਿਲਾਂ ਤਾਂ ਪੁਰੀ 3 ਜੂਨ ਦੀ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ, ਕਿਉਂਕਿ ਰਾਜ ਮੰਤਰੀ ਸਿਰਫ਼ ਉਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋ ਸਕਦੇ ਹਨ, ਜਿਸ ਵਿੱਚ ਉਨ੍ਹਾਂ ਦੇ ਮੰਤਰਾਲੇ ਨਾਲ ਸਬੰਧਿਤ ਏਜੰਡਾ ਹੁੰਦਾ ਹੈ।