ਪੰਜਾਬ

punjab

ETV Bharat / state

ਹਰਚਰਨ ਸਿੰਘ ਬੈਂਸ ਹੋਣਗੇ ਹੁਣ ਸੁਖਬੀਰ ਬਾਦਲ ਦੇ ਪ੍ਰਮੁੱਖ ਸਲਾਹਕਾਰ - ਹਰਚਰਨ ਸਿੰਘ ਬੈਂਸ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਨਵੇਂ ਪ੍ਰਮੁੱਖ ਸਲਾਹਕਾਰ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਇਹ ਕਾਰਜਭਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਭ ਤੋਂ ਭਰੋਸੇਯੋਗ ਤੇ ਨਿੱਜੀ ਵਿਸ਼ਵਾਸ ਪਾਤਰ ਮੰਨੇ ਜਾਣ ਵਾਲੇ ਹਰਚਰਨ ਸਿੰਘ ਬੈਂਸ ਦੇ ਮੋਢਿਆਂ 'ਤੇ ਪਾਇਆ ਹੈ।

ਫ਼ੋੋਟੋ
ਫ਼ੋੋਟੋ

By

Published : Aug 7, 2020, 5:57 PM IST

Updated : Aug 7, 2020, 6:52 PM IST

ਚੰਡੀਗੜ੍ਹ: ਅਕਾਲੀ ਦਲ ਨੇ ਆਪਣੇ ਨਵੇਂ ਪ੍ਰਮੁੱਖ ਸਲਾਹਕਾਰ ਦਾ ਐਲਾਨ ਕਰ ਦਿੱਤਾ ਹੈ। SAD ਵੱਲੋਂ ਪ੍ਰਸਿੱਧ ਲੇਖਕ, ਪੱਤਰਕਾਰ ਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਦੇ ਲੰਬੇ ਸਮੇਂ ਤੋਂ ਸਭ ਤੋਂ ਨੇੜਲੇ ਤੇ ਨਿੱਜੀ ਵਿਸ਼ਵਾਸ ਪਾਤਰ ਮੰਨੇ ਜਾਣ ਵਾਲੇ ਹਰਚਰਨ ਸਿੰਘ ਬੈਂਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਵੱਜੋਂ ਨਿਯੁਕਤ ਕੀਤਾ ਗਿਆ ਹੈ। ਇਸ ਅਹਿਮ ਨਿਯੁਕਤੀ ਦਾ ਐਲਾਨ ਸੁਖਬੀਰ ਸਿੰਘ ਬਾਦਲ ਨੇ ਆਪ ਕੀਤਾ ਹੈ।

ਸੁਖਬੀਰ ਬਾਦਲ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਹਰਚਰਨ ਸਿੰਘ ਬੈਂਸ ਨੂੰ ਪਾਰਟੀ ਦੀਆਂ ਪਾਲਸੀਆਂ, ਕਾਰਜ਼ਸ਼ੈੱਲੀ ਤੇ ਗਤੀਵਿਧੀਆਂ ਸਬੰਧੀ ਹਾਂ-ਪੱਖੀ ਮਾਨਸਿਕਤਾ ਅਤੇ ਲੋਕ ਰਾਏ ਤਿਆਰ ਕਰਨ ਹਿੱਤ ਵਿਆਪਕ ਅਧਿਕਾਰ ਦੇ ਦਿੱਤੇ ਗਏ ਹਨ। ਉਹ ਸਿਰਫ ਪਾਰਟੀ ਦੇ ਪ੍ਰਧਾਨ ਨੂੰ ਹੀ ਜਵਾਬ-ਦੇਹ ਹੋਣਗੇ।

ਬਾਦਲ ਨੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਪ੍ਰਮੁੱਖ ਸਲਾਹਕਾਰ ਹੋਣ ਦੇ ਨਾਲ ਨਾਲ, ਬੈਂਸ ਨੂੰ ਕੋਰ ਕਮੇਟੀ ਸਮੇਤ ਪਾਰਟੀ ਦੀਆਂ ਸਾਰੀਆਂ ਉੱਚ ਪੱਧਰੀ ਤੇ ਫੈਸਲਾਕੁੰਨ ਇਕਾਈਆਂ ਦਾ ਸਥਾਈ ਤੇ ਵਿਸ਼ੇਸ਼ ਮਹਿਮਾਨ ਮੈਂਬਰ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ ਜਿਥੇ ਉਹ ਇੱਕ ਸਲਾਹਕਾਰ ਵੱਜੋਂ ਆਪਣੇ ਫਰਜ਼ ਨਿਭਾਉਣਗੇ।

ਹਰਚਰਨ ਸਿੰਘ ਬੈਂਸ 1979 ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ ਤੇ ਅਕਾਲੀ ਸਰਕਾਰਾਂ ਦੌਰਾਨ ਉਹ ਚਾਰ ਵਾਰੀ ਪੰਜਾਬ ਦੇ ਮੁਖ ਮੰਤਰੀ ਦੇ ਮੀਡਿਆ ਤੇ ਕੌਮੀ ਮਾਮਲਿਆਂ ਦੇ ਸਲਾਹਕਾਰ ਵੱਜੋਂ ਫਰਜ਼ ਨਿਭਾ ਚੁੱਕੇ ਹਨ। ਉਹ ਪਰਕਾਸ਼ ਸਿੰਘ ਬਾਦਲ ਦੇ ਲਗਭਗ ਸਾਰੇ ਹੀ ਸੰਘਰਸ਼ਾਂ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਦਿਖਾਈ ਦਿੱਤੇ ਹਨ। ਉਨ੍ਹਾਂ ਦੀ ਸਿਆਸੀ ਵਿਚਾਰਧਾਰਾ ਪੰਥਿਕ ਸੈਕੂਲਰਿਜ਼ਮ ਅਤੇ ਕੇਂਦਰਿਤ ਰਹੀ ਹੈ ਤੇ ਉਹ ਪਾਰਟੀ ਵੱਲੋਂ ਪੰਥਿਕ ਸਰੋਕਾਰਾਂ ਤੇ ਪਹਿਰਾ ਦੇਣ ਦੇ ਵੱਡੇ ਹਾਮੀ ਰਹੇ ਹਨ।

ਅਕਾਲੀ ਮਹਾਰਥੀ ਪਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਵਿੱਚ ਪ੍ਰਗਟਾਏ ਭਰੋਸੇ ਲਈ ਧੰਨਵਾਦ ਕਰਦਿਆਂ ਹਰਚਰਨ ਸਿੰਘ ਬੈਂਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਪਹਿਲਾ ਕੰਮ ਉਸ ਗਹਿਰੀ ਸਾਜ਼ਿਸ਼ ਨੂੰ ਨੰਗਾ ਕਰਨਾ ਹੈ, ਜਿਸ ਹੇਠ ਸਿੱਖ ਸੰਗਤਾਂ ਦੇ ਮਨਾਂ ਵਿੱਚ ਉਨ੍ਹਾਂ ਦੀਆਂ ਆਪਣੀਆਂ ਹੀ ਇਤਿਹਾਸਿਕ ਸੰਸਥਾਵਾਂ ਵਿਰੁੱਧ ਸ਼ੰਕੇ ਖੜੇ ਕਰਨ ਦਾ ਅਮਲ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਨਜ਼ਰ ਆ ਰਿਹਾ ਹੈ ਕਿ ਸਿੱਖ ਸੰਗਤਾਂ ਨੂੰ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ ਕੇ ਖਾਲਸਾ ਪੰਥ ਨੂੰ ਆਗੂਹੀਣ ਬਣਾਉਣ ਦੀ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ਜਿਸ ਪਿਛੇ ਜਾਣੀਆਂ ਪਹਿਚਾਣਿਆਂ ਸਿੱਖ ਦੁਸ਼ਮਣ ਤਾਕਤਾਂ ਕੰਮ ਕਰ ਰਹੀਆਂ ਹਨ।

ਸਿੱਖ ਕੌਮ ਤੇ ਉਨ੍ਹਾਂ ਦੀਆਂ ਆਪਣੀਆਂ ਹੀ ਪਹਰੇਦਾਰ ਜਥੇਬੰਦੀਆਂ ਦਰਮਿਆਨ ਜਾਣ ਬੁਝ ਕੇ ਖਾਈ ਖੋਦਣ ਲਈ ਗਹਿਰੀ ਸਾਜ਼ਿਸ਼ ਚੱਲ ਰਹੀ ਹੈ ਤਾਂ ਕਿ ਕੋਈ ਉਨ੍ਹਾਂ ਦੇ ਹਿੱਤਾਂ ਤੇ ਪਹਿਰਾ ਦੇਣ ਵਾਲਾ ਹੀ ਨਾ ਰਹੇ। ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਤੋਂ ਚਲ ਰਿਹਾ ਵਰਤਾਰਾ ਵੀ ਉਸੇ ਖਤਰਨਾਕ ਸਾਜ਼ਿਹ ਦਾ ਹਿੱਸਾ ਹੈ। ਇਸ ਸਾਜ਼ਿਸ਼ ਨੂੰ ਨੰਗਾ ਕਰਨਾ ਕੌਮ ਤੇ ਪੰਜਾਬ ਦੇ ਹਿੱਤਾਂ ਨੂੰ ਮਹਿਫ਼ੂਜ਼ ਰੱਖਣ ਲਈ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਉਹ ਪੰਜਾਬ , ਦੇਸ਼ ਤੇ ਕੁੱਲ ਸੰਸਾਰ ਵਿਚ ਗੁਰੂ ਮਹਾਰਾਜ ਵੱਲੋਂ ਦਿਖਾਏ "ਸਰਬਤ ਦੇ ਭਲੇ" ਦੇ ਸੰਕਲਪ ਨੂੰ ਹੀ ਸੈਕੂਲਰਿਜ਼ਮ ਦੀ ਸਭ ਤੋਂ ਮਜ਼ਬੂਤ ਬੁਨਿਆਦ ਮੰਨਦੇ ਹਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਭ ਧਰਮ ਅਤੇ ਸਮਾਜ ਦੇ ਸਮੂਹ ਵਰਗਾਂ ਪ੍ਰਤੀ ਵਚਨਬੱਧਤਾ ਸਬੰਧੀ ਪੰਜਾਬ ਤੇ ਪੰਜਾਬ ਤੋਂ ਬਾਹਿਰ ਸੰਗਤਾਂ ਨੂੰ ਜਾਗਰੂਕ ਕਰਨ ਲਈ ਕੰਮ ਕਰਨਗੇ।

Last Updated : Aug 7, 2020, 6:52 PM IST

ABOUT THE AUTHOR

...view details