ਚੰਡੀਗੜ੍ਹ: ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਅੱਜ ਪੂਰੇ ਵਿਸ਼ਵ ਵਿੱਚ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਦਿਹਾੜੇ ਮੌਕੇ ਗੁਰਘਰਾਂ ਵਿੱਚ ਵੱਡੇ ਪੱਧਰ ਉੱਤੇ ਸਮਾਗਮ ਕਰਵਾਏ ਜਾ ਰਹੇ ਹਨ ਤੇ ਨਗਰ ਕੀਰਤਨ ਵਿੱਚ ਕੱਢੇ ਜਾ ਰਹੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਗੁਰੂਘਰਾਂ ਵਿੱਚ ਹਾਜ਼ਰੀ ਲਵਾ ਰਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਉਸ ਸਮੇਂ ਹੋਇਆ ਜਦੋਂ ਸਾਰਾ ਸੰਸਾਰ ਅਗਿਆਨਤਾ ਦੇ ਹਨੇਰੇ ਵਿੱਚ ਫਸਿਆ ਹੋਇਆ ਸੀ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਬੁਰਾਈਆਂ ਤੋਂ ਲੋਕਾਂ ਨੂੰ ਛੁਟਕਾਰਾ ਦਿਵਾਇਆ ਅਤੇ ਉਨ੍ਹਾਂ ਨੂੰ ਸਿੱਧਾ ਰਸਤਾ ਦਿਖਾਇਆ। ਆਧੁਨਿਕ ਇਤਿਹਾਸਕਾਰਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਅਤੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਕੱਤਕ ਮਹੀਨੇ ਦੀ ਪੁੰਨਿਆ ਦੇ ਪਵਿੱਤਰ ਦਿਹਾੜੇ ਨੂੰ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਹਿੰਦੂ ਪਰਿਵਾਰ ਵਿੱਚ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਪਾਕਿਸਤਾਨ ’ਚ ਰਾਵੀ ਨਦੀ ਦੇ ਕੰਡੇ ਵਸੇ ਪਿੰਡ ਤਲਵੰਡੀ ਵਿਖੇ ਹੋਇਆ ਸੀ।
ਬਚਪਨ ਤੋਂ ਹੀ ਸੀ ਇਲਾਹੀ ਰੂਪ:ਸਿੱਖ ਧਰਮ ਦੀਆਂ ਮਾਨਤਾਵਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬ੍ਰਹਮ ਸਰੂਪ ਵਿੱਚ ਸਨ ਅਤੇ ਉਨ੍ਹਾਂ ਨੇ ਆਪਣੀ ਭੈਣ ਬੇਬੇ ਨਾਨਕੀ ਤੋਂ ਬਹੁਤ ਕੁਝ ਸਿੱਖਿਆ। ਜਦੋਂ ਉਹ ਵੱਡੇ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਭੁਖੇ ਸਾਧੂਆਂ ਨੂੰ ਭੋਜਨ ਛਕਾ ਵਾਪਿਸ ਘਰ ਪਰਤ ਆਏ ਸਨ। ਜਦੋਂ ਪਿਤਾ ਜੀ ਨੇ ਉਹਨਾਂ ਨੂੰ ਪੁੱਛਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭੁੱਖਿਆਂ ਨੂੰ ਭੋਜਨ ਛਿਕਾਉਣ ਤੋਂ ਵੱਡਾ ਕੋਈ ਕੰਮ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਅੱਜ ਵੀ ਕਾਈਮ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਦਾ ਜੀਵਨ ਕੀਤਾ ਬਤੀਤ: 16 ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਗੁਰਦਾਸਪੁਰ ਦੀ ਰਹਿਣ ਵਾਲੀ ਬੀਬੀ ਸੁਲੱਖਣੀ ਨਾਲ ਹੋਇਆ ਸੀ ਅਤੇ ਉਹਨਾਂ ਦੇ ਘਰ ਦੋ ਪੁੱਤਰਾਂ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਚੰਦ ਨੇ ਜਨਮ ਲਿਆ। ਪੁੱਤਰਾਂ ਦੇ ਜਨਮ ਤੋਂ ਬਾਅਦ, ਸ੍ਰੀ ਗੁਰੂ ਨਾਨਕ ਦੇਵ ਜੀ ਲੰਬੀਆਂ ਯਾਤਰਾਵਾਂ 'ਤੇ ਚਲੇ ਗਏ, ਇਸ ਦੌਰਾਨ ਭਾਈ ਮਰਦਾਨਾਜੀ, ਲਹਿਣਾ ਜੀ, ਭਾਈ ਬਾਲਾ ਅਤੇ ਭਾਈ ਰਾਮਦਾਸ ਜੀ ਵੀ ਉਨ੍ਹਾਂ ਦੇ ਨਾਲ ਸਨ। ਸੰਨ 1521 ਤੱਕ ਉਨ੍ਹਾਂ ਨੇ ਯਾਤਰਾਵਾਂ ਕੀਤੀਆਂ ਅਤੇ ਸਾਰਿਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਉਪਦੇਸ਼ ਦਿੱਤਾ ਅਤੇ ਇਸੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਮਹਾਨ ਸਮਾਜ ਸੁਧਾਰਕ ਵੀ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ, ਅਫਗਾਨਿਸਤਾਨ ਅਤੇ ਅਰਬ ਵਿੱਚ ਕਈ ਥਾਵਾਂ ਦੀਆਂ ਯਾਤਰਾਵਾਂ ਕੀਤੀਆਂ।
ਜੋਤੀ ਜੋਤ ਸਮਾਉਣਾ: ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ੇਸ਼ ਤੌਰ 'ਤੇ ਮੂਰਤੀ ਪੂਜਾ ਅਤੇ ਰੂੜ੍ਹੀਵਾਦੀ ਵਿਚਾਰਾਂ ਦਾ ਵਿਰੋਧ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਖਰੀ ਦਿਨ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਬਿਤਾਏ ਅਤੇ 22 ਸਤੰਬਰ 1539 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੋਲਾ ਛੱਡ ਗਏ। ਭਾਵੇਂ ਉਹ ਜੋਤੀ ਜੋਤ ਸਮਾ ਗਏ ਪਰ ਤਿੰਨ ਮੂਲ ਸਿਧਾਂਤ ‘ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ’ ਛੱਡ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਜੀ ਨੂੰ ਗੁਰੂ ਗੱਦੀ ਸੌਂਪ ਜੋਤੀ ਜੋਤ ਸਮਾਏ ਸਨ, ਜਿਹਨਾਂ ਨੂੰ ਦੂਜੇ ਗੁਰੂ ਸ੍ਰੀ ਅੰਗਦ ਦੇਵ ਜੀ ਵਜੋਂ ਮੰਨਿਆ ਜਾਂਦਾ ਹੈ।
ਪ੍ਰਮਾਤਮਾ ਇੱਕ ਹੈ: ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਕਿ ਉਹ ਨਾ ਤਾਂ ਹਿੰਦੂ ਹਨ ਅਤੇ ਨਾ ਹੀ ਮੁਸਲਮਾਨ ਹਨ, ਉਹ ਸਿਰਫ਼ ਰੱਬ ਨੂੰ ਮੰਨਦੇ ਹਨ। ਇਸ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਇੱਕ ਹੈ ਅਤੇ ਸਿੱਖ ਧਰਮ ਅਨੁਸਾਰ ਪਰਮਾਤਮਾ ਹਰ ਕਣ ਵਿੱਚ ਵੱਸਦਾ ਹੈ, ਉਸ ਦਾ ਨਾ ਕੋਈ ਆਕਾਰ ਨਹੀਂ ਹੈ, ਨਾ ਉਸ ਦਾ ਕੋਈ ਸਮਾਂ ਹੈ ਅਤੇ ਨਾ ਹੀ ਉਹ ਦਿੱਸਦਾ ਹੈ।