ਚੰਡੀਗੜ੍ਹ: ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਗੁਰਤਾਗੱਦੀ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸੱਚਖੰਡ ਸੰਗਤ ਗੁਰੂਘਰਾਂ ਵਿੱਚ ਮੱਥਾ ਟੇਕਣ ਲਈ ਪਹੁੰਚ ਰਹੀ ਹੈ। ਆਓ ਜਾਣਦੇ ਹਾਂ ਪੰਜਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾਗੱਦੀ ਦਿਵਸ 'ਤੇ ਉਨ੍ਹਾਂ ਦੇ ਜੀਵਨ ਬਾਰੇ ਕੁਝ ਖਾਸ ਗੱਲਾਂ...
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ:ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਸਾਹਿਬ (ਪੰਜਾਬ) ਵਿਖੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ ਸੰਨ 1563 ਈ. ਵਿੱਚ ਹੋਇਆ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਅਤੇ ਸਿੱਖਿਆ:ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਬਚਪਨ ਦੇ ਪਹਿਲੇ 11 ਸਾਲ ਆਪਣੇ ਨਾਨਕੇ ਗੁਰੂ ਅਮਰਦਾਸ ਜੀ ਦੀ ਰਹਿਨੁਮਾਈ ਹੇਠ ਬਿਤਾਏ। ਨਾਨਕੇ ਘਰ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਮੁਖੀ ਦੀ ਸਿੱਖਿਆ ਲਈ ਅਤੇ ਗੁਰਮੁਖੀ ਵਿੱਚ ਮੁਹਾਰਤ ਹਾਸਲ ਕੀਤੀ। ਇਸ ਤੋਂ ਇਲਾਵਾ ਗੁਰੂ ਜੀ ਨੇ ਕਈ ਹੋਰ ਭਾਸ਼ਾਵਾਂ, ਦੇਵਨਾਗਰੀ, ਸੰਸਕ੍ਰਿਤ ਅਤੇ ਗਣਿਤ ਵੀ ਸਿੱਖੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਬਾਬਾ ਮੋਹਨ ਸਿੰਘ ਜੀ ਨੇ ਵੀ ਗੁਰੂ ਜੀ ਨੂੰ ਅਧਿਆਤਮਿਕਤਾ 'ਤੇ ਧਿਆਨ ਦੀ ਕਲਾ ਸਿਖਾਈ।
ਪਿਤਾ ਦੁਆਰਾ ਸ਼ੁਰੂ ਕੀਤਾ ਕੰਮ ਪੂਰਾ ਕੀਤਾ:1574 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੀ ਇੱਛਾ ਪੂਰੀ ਕਰਨ ਲਈ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਤਿੰਨ ਪੁੱਤਰਾਂ ਪ੍ਰਿਥਵੀ ਚੰਦ, ਸ੍ਰੀ ਮਹਾਦੇਵ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਗੁਰੂ ਕੇ ਚੱਕ (ਅੰਮ੍ਰਿਤਸਰ) ਆਏ। ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਵਿਖੇ ਚੱਲ ਰਹੀ ਸੀ, ਉਸ ਨੂੰ ਮੁੜ ਅਰੰਭਿਆ ਗਿਆ। ਇਸ ਤੋਂ ਇਲਾਵਾ 1577 ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੁੱਖਭੰਜਨੀ ਬੇਰੀ ਦੇ ਸਥਾਨ 'ਤੇ ਇੱਕ ਸਰੋਵਰ ਦੀ ਖੁਦਾਈ ਸ਼ੁਰੂ ਕਰਵਾਈ, ਜਿਸ ਨੂੰ ਬਾਅਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕਰਵਾਇਆ। ਮੌਜੂਦਾ ਸਮੇਂ ਵਿੱਚ ਵੀ ਉਹ ਬੇਰੀ ਮੌਜੂਦ ਹੈ, ਜਿਥੇ ਅੱਜ ਵੀ ਲੋਕ ਇਸ਼ਨਾਨ ਕਰਦੇ ਹਨ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਤਾਗੱਦੀ ਦਿਵਸ:1581 ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਂ ਗਏ। ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਸਮਰਪਣ, ਪਿਆਰ, ਸਤਿਕਾਰ, ਸੁਭਾਅ ਵਿੱਚ ਕੋਮਲਤਾ ਆਦਿ ਦੇ ਗੁਣਾਂ ਨੂੰ ਵੇਖਦੇ ਹੋਏ 1 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੱਦੀ ਸੰਭਾਲਣ ਸਮੇਂ ਉਹਨਾਂ ਦੀ ਉਮਰ 18 ਸਾਲ ਦੀ ਸੀ। ਦਸਤਾਰਬੰਦੀ ਸਮਾਗਮ ਉਪਰੰਤ ਆਪ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆਏ। ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੱਦੀ ਪ੍ਰਾਪਤ ਕੀਤੀ ਤਾਂ ਉਹ ਜਾਣਦੇ ਸਨ ਕਿ ਗੱਦੀ ਪ੍ਰਾਪਤ ਕਰਨਾ ਕੁਝ ਪ੍ਰਾਪਤ ਕਰਨਾ ਨਹੀਂ, ਕੁਝ ਦੇਣਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਕੌਮ ਲਈ ਸ਼ਹਾਦਤ ਦੇਣ ਵਾਲੇ ਪਹਿਲੇ ਗੁਰੂ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ:ਗੱਦੀ 'ਤੇ ਬੈਠਣ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਦੇ ਨਾਲ-ਨਾਲ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕੀਤੇ ਕਾਰਜ ਨੂੰ ਵੀ ਅੱਗੇ ਤੋਰਿਆ। ਗੁਰੂ ਸਾਹਿਬ ਜੀ ਨੇ ਅੰਮ੍ਰਿਤਸਰ ਵਸਾਇਆ, ਸੰਤੋਖਸਰ ਅਤੇ ਤਰਨਤਾਰਨ ਸਾਹਿਬ ਦੇ ਸਰੋਵਰ ਸੰਪੂਰਨ ਕੀਤੇ, ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ਤੋਂ ਇਲਾਵਾ ਛੇਹਰਟਾ ਦੇ ਖੂਹ ਸਥਾਪਿਤ ਕੀਤੇ, ਕਰਤਾਰਪੁਰ ਸ਼ਹਿਰ ਵਸਾਇਆ। ਅੰਮ੍ਰਿਤਸਰ ਸਾਹਿਬ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਸ਼ਹਿਰ ਵਸਾਇਆ ਗਿਆ। ਇੱਥੇ ਹਰ ਪੇਸ਼ੇ ਦੇ ਲੋਕਾਂ ਨੂੰ ਲਿਆ ਕੇ ਵਸਾਇਆ ਗਿਆ। ਅੱਜ ਵੀ ਇਸ ਪਵਿੱਤਰ ਨਗਰੀ ਦੇ ਕਈ ਬਾਜ਼ਾਰ ਉਸ ਸਮੇਂ ਦੇ ਨਾਮ ਨਾਲ ਮਸ਼ਹੂਰ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ:ਪੰਜਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਗੱਦੀ ਕਾਲ ਦੌਰਾਨ ਇਲਾਹੀ ਬਾਣੀ ਦੀ ਰਚਨਾ ਕਰਨ ਅਤੇ ਪਹਿਲੇ ਗੁਰੂ ਸਾਹਿਬਾਨ, ਸੰਤਾਂ, ਭਗਤਾਂ ਦੀ ਬਾਣੀ ਨੂੰ ਇਕੱਠਾ ਕਰਨ ਦਾ ਸਭ ਤੋਂ ਮਹਾਨ ਕਾਰਜ ਕੀਤਾ। ਗੁਰੂ ਸਾਹਿਬ ਜੀ ਨੇ ਵੱਖ-ਵੱਖ ਗੁਰੂਆਂ, ਸੰਤਾਂ ਅਤੇ ਮਹਾਂਪੁਰਖਾਂ ਦੀਆਂ ਬਾਣੀਆਂ ਦੇ ਅੰਸ਼ ਇਕੱਠੇ ਕੀਤੇ ਅਤੇ ਭਾਈ ਗੁਰਦਾਸ ਜੀ ਦੇ ਹੱਥੋਂ ਇਹ ਪਵਿੱਤਰ ਗ੍ਰੰਥ ਲਿਖਵਾਇਆ। ਗੁਰੂ ਸਾਹਿਬ ਜੀ ਨੇ ਇਸ ਮਹਾਨ ਕਾਰਜ ਲਈ ਸ੍ਰੀ ਰਾਮਸਰ (ਅੰਮ੍ਰਿਤਸਰ) ਨੂੰ ਇਕਾਂਤ ਸਥਾਨ ਵਜੋਂ ਚੁਣਿਆ। ਇਹ ਕੰਮ 1601 ਤੋਂ ਅਗਸਤ 1604 ਦੇ ਲੰਬੇ ਅਰਸੇ ਵਿੱਚ ਪੂਰਾ ਹੋਇਆ ਅਤੇ ਇੱਕ ਮਹਾਨ ਪੋਥੀ ਤਿਆਰ ਕੀਤੀ ਗਈ। ਇਸ ਵਿੱਚ 36 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਗਈ, ਜਿਨ੍ਹਾਂ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ , 11 ਭੱਟਾਂ ਅਤੇ ਚਾਰ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ।
ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਥਾਪੇ:ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਗਭਗ 418 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸੰਕਲਨ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਗਿਆ। ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਨਗਰ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੂੰ ਸੌਂਪੀ।
‘ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ…ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਉਣ ਦਾ ਸੁਭਾਗਾ ਕਾਰਜ ਗੁਰੂ ਸਾਹਿਬ ਦੇ ਹਿੱਸੇ ਆਇਆ…ਇੱਕ ਮੁਸਲਮਾਨ ਮੀਆਂ ਮੀਰ ਤੋਂ ਸਿੱਖਾਂ ਦੇ ਸਰਬਉੱਚ ਅਸਥਾਨ ਦੀ ਨੀਂਹ ਰਖਵਾਈ…ਸਿੱਖ ਧਰਮ ਪ੍ਰਤੀ ਪਿਆਰ ਸਤਿਕਾਰ ਤੇ ਲਗਨ ਵੇਖਦਿਆਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪੀ…ਅੱਜ ਗੁਰੂ ਸਾਹਿਬ ਦੇ ਗੁਰਤਾ ਗੱਦੀ ਦਿਵਸ ਮੌਕੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ।’ - ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ