ਚੰਡੀਗੜ੍ਹ ਡੈਸਕ :ਖਾਲਿਸਤਾਨ ਸਮਰਥਕ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਗੱਲ ਕਹਿ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਜਥੇਬੰਦੀ ਨੇ ਹਰਿਆਣਾ ਦੇ ਮੰਡੀ ਡੱਬਵਾਲੀ ਵਿੱਚ ਐੱਸਡੀਐੱਮ ਦਫ਼ਤਰ ਦੇ ਬਾਹਰ ਖਾਲਿਸਤਾਨੀ ਝੰਡਾ ਲਹਿਰਾਇਆ ਹੈ। ਪੰਨੂ ਨੇ ਧਮਕੀ ਦਿੱਤੀ ਹੈ ਕਿ ਉਹ ਖੱਟਰ ਅਤੇ ਵਿਜ ਨੂੰ 15 ਅਗਸਤ ਤੱਕ ਜਾਨੋਂ ਮਾਰ ਦੇਵੇਗਾ।
ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਮਨੋਹਰ ਲਾਲ ਖੱਟਰ ਤੇ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਧਮਕੀ, 15 ਅਗਸਤ ਤੱਕ ਵੱਡਾ ਕਾਂਡ ਕਰਨ ਦਾ ਦਾਅਵਾ! - ਖਾਲਿਸਤਾਨ ਸਮਰਥਕ ਸਿੱਖਸ ਫਾਰ ਜਸਟਿਸ ਜਥੇਬੰਦੀ
ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਅਨਿਲ ਵਿਜ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸਨੂੰ ਲੈ ਕੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਅਰੇ :ਜਾਣਕਾਰੀ ਮੁਤਾਬਿਕ ਅੱਜ ਇਸ ਜਥੇਬੰਦੀ ਵੱਲੋਂ ਮੰਡੀ ਡੱਬਵਾਲੀ ਵਿੱਚ ਖਾਲਿਸਤਾਨੀ ਝੰਡੇ ਲਹਿਰਾਉਣ ਮਗਰੋਂ ਕਈ ਦਾਅਵੇ ਕੀਤੇ ਗਏ ਹਨ। ਇਸ ਤੋਂ ਇਲ਼ਾਵਾ 'ਹਰਿਆਣਾ ਬਣੇਗਾ ਖਾਲਿਸਤਾਨ' ਦੇ ਨਾਅਰੇ ਵੀ ਦੀਵਾਰ ਉੱਤੇ ਲਿਖੇ ਗਏ ਹਨ। ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਜੋ ਵੀਡੀਓ ਜਾਰੀ ਕੀਤੀ ਹੈ ਇਸ ਮੁਤਾਬਿਕ ਉਸਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਵੀ ਜਾਨ ਤੋਂ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਪੰਨੂ ਵੱਲੋਂ ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਹਨ।
ਦਿੱਲੀ ਦੇ ਲੋਕਾਂ ਨੂੰ ਲਾਲ ਕਿਲੇ ਨਾ ਜਾਣ ਦੀ ਹਦਾਇਤ :ਗੁਰਪਤਵੰਤ ਸਿੰਘ ਪੰਨੂ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਹੈ, ਇਸ ਵਿੱਚ ਉਹ ਕਈ ਦਾਅਵੇ ਕਰ ਰਿਹਾ ਹੈ। ਇਸ ਵਿੱਚ ਖੱਟਰ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਇਲਾਵਾ ਪੰਨੂ ਨੇ ਵੱਡਾ ਦਾਅਵਾ ਵੀ ਕੀਤਾ ਹੈ। ਪੰਨੂ ਨੇ ਕਿਹਾ ਕਿ ਹਰਿਆਣਾ ਵੀ ਖਾਲਿਸਤਾਨ ਦਾ ਹਿੱਸਾ ਬਣਾਇਆ ਜਾਵੇਗਾ। ਜਾਣਕਾਰੀ ਮੁਤਾਬਿਕ ਗੁਰਪਤਵੰਤ ਸਿੰਘ ਪੰਨੂ ਨੇ ਇਹ ਵੀਡੀਓ ਕਰੀਬ 3 ਦਿਨ ਪਹਿਲਾਂ ਜਾਰੀ ਕੀਤਾ ਸੀ। ਇਸ ਵੀਡੀਓ ਵਿੱਚ ਉਸਨੇ ਦਿੱਲੀ ਦੇ ਲੋਕਾਂ ਨੂੰ ਹਦਾਇਤ ਕੀਤੀ ਸੀ ਕਿ ਉਹ 15 ਅਗਸਤ ਨੂੰ ਲਾਲ ਕਿਲੇ ਨਾ ਜਾਣ।