ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਅੰਤਿਮ ਅਰਦਾਸ ਸੰਬੰਧੀ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰ ਸਾਬਕਾ ਅਤੇ ਮੌਜੂਦਾ ਮੰਤਰੀਆਂ ਵਲੋਂ ਹਾਜਰੀ ਭਰੀ ਗਈ ਹੈ। ਦੂਜੇ ਪਾਸੇ ਕਈ ਨਾਮੀ ਚਿਹਰੇ ਵੀ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਹਨ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਵਲੋਂ ਵੀ ਸੁਖਬੀਰ ਬਾਦਲ ਨੂੰ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਸੁਖਬੀਰ ਬਾਦਲ ਨਾਲ ਡੇਰਾ ਬਿਆਸ ਮੁਖੀ ਦੀਆਂ ਕਈ ਭਾਵੁਕ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਯਾਦ ਰਹੇ ਕਿ ਸਮਾਗਮ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦਾ ਸਾਡੇ ਵਿੱਚੋਂ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ ਅਤੇ ਇਸਦੇ ਨਾਲ ਹੀ ਦੇਸ਼ ਨੇ ਇੱਕ ਭਗਤ ਨੂੰ ਗਵਾ ਲਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣਾ ਸੱਚਾ ਹਮ ਦਰਦ ਗੁਆ ਲਿਆ ਹੈ, ਜਿਸਦਾ ਕਦੇ ਵੀ ਘਾਟਾ ਪੂਰਾ ਨਹੀਂ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਵੀ ਪਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਮਿਲਿਆ ਹਾਂ ਅਤੇ ਉਨ੍ਹਾਂ ਪਾਸੋਂ ਹਮੇਸ਼ਾ ਹੀ ਕੁੱਝ ਨਾ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਵਲੋਂ ਹੀ ਨਵੇਂ ਪੰਜਾਬ ਦੀ ਨੀਂਹ ਰੱਖੀ ਗਈ ਹੈ।