ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜ਼ਰੀ ਜੀ ਦੇ ਕੁੱਖੋਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਇ ਸੀ। ਗੁਰੂ ਸਾਹਿਬ ਨੇ ਆਪਣਾ 4 ਸਾਲ ਤੱਕ ਦਾ ਬਚਪਨ ਪਟਨਾ ਸਾਹਿਬ ‘ਚ ਗੁਜ਼ਾਰਿਆ ਜਿੱਥੇ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਸਥਿਤ ਹੈ।
ਇਸ ਪਵਿੱਤਰ ਦਿਹਾੜੇ ਮੌਕੇ ਰਾਜਨੀਤਕ ਪਾਰਟੀਆਂ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ। ਪਟਿਆਲਾ ਤੋਂ ਕਾਂਗਰਸੀ ਸਾਂਸਦ ਪਰਨੀਤ ਕੌਰ ਨੇ ਟਵੀਟ ਕਰਦਿਆ ਲਿਖਿਆ ਕਿ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਵਧਾਈਆਂ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਅਦ, ਉਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਪੰਥ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਨੇ ਖ਼ਾਲਸਾ ਪੰਥ ਬਣਾਇਆ ਤੇ ਸਾਨੂੰ ਇੱਕ ਵਿਸ਼ੇਸ਼ ਪਛਾਣ ਦਿੱਤੀ ਤੇ ਜੀਵਨ ਵਿੱਚ ਹਰ ਸਮੱਸਿਆ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ।
ਉੱਥੇ ਹੀ ਅਕਾਲੀ ਨੇਤਾ ਤੇ ਫ਼ਿਰੋਜ਼ਪੁਰ ਤੋਂ ਸਾਂਸਦ ਨੇ ਵੀ ਟਵੀਟ ਕਰਦਿਆਂ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਲਿਖਿਆ ਕਿ, "ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਮਹਿਜ਼ 9 ਸਾਲ ਦੀ ਉਮਰੇ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਮਨੁੱਖੀ ਜੀਵਨ ਦੀ ਜੋ ਪਰਿਭਾਸ਼ਾ ਉਨ੍ਹਾਂ ਸਿਰਜੀ, ਉਹ ਇਸ ਧਰਤੀ 'ਤੇ ਮਨੁੱਖੀ ਜਾਮੇ ਦਾ ਸਰਬ-ਉੱਚ ਪੱਧਰ ਹੈ।"