ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਕਿਸਾਨ, ਖੇਤ-ਮਜ਼ਦੂਰ ਆਤਮ ਹੱਤਿਆਵਾਂ ਅਤੇ ਨਸ਼ੇ ਦੀ ਓਵਰ ਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਤ੍ਰਾਸਦੀ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਨਰਿੰਦਰ ਮੋਦੀ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਚੋਣਾਂ ਮੌਕੇ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ, ਖੇਤ-ਮਜ਼ਦੂਰਾਂ ਅਤੇ ਨੌਜਵਾਨਾਂ ਪ੍ਰਤੀ ਹੱਦ ਦਰਜੇ ਦੇ ਨਿਰਦਈ ਸਾਬਤ ਹੋਏ ਹਨ, ਇੰਜ ਲੱਗ ਰਿਹਾ ਹੈ ਜਿਵੇਂ ਇਨ੍ਹਾਂ ਦੀ ਸੰਵੇਦਨਾ ਹੀ ਮਰ ਗਈ ਹੋਵੇ।
'ਆਪ' ਆਗੂਆਂ ਨੇ ਕਿਹਾ ਕਿ ਕੋਈ ਵੀ ਦਿਨ ਅਜਿਹਾ ਨਹੀਂ ਲੰਘ ਰਿਹਾ ਜਿਸ ਦਿਨ ਅਖ਼ਬਾਰਾਂ ਅਤੇ ਖ਼ਬਰਾਂ ਵਿੱਚ ਕਿਸਾਨ, ਖੇਤ-ਮਜ਼ਦੂਰਾਂ ਜਾਂ ਨਸ਼ੇ ਦੀ ਓਵਰ ਡੋਜ਼ ਨਾਲ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖ਼ਬਰ ਨਾ ਛਪਦੀ ਹੋਵੇ, ਪ੍ਰੰਤੂ ਹੋਰ ਵੀ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦਾ ਕੋਈ ਅਧਿਕਾਰੀ ਜਾਂ ਨੁਮਾਇੰਦਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਕਾਰਨ ਅਤੇ ਹਾਲਾਤ ਦੀ ਦਸਤਾਵੇਜ਼ੀ ਪੜਚੋਲ ਤਾਂ ਦੂਰ ਦੀ ਗੱਲ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਫ਼ਰੀਦਕੋਟ ਦੇ ਪਿੰਡ ਮਿੱਡੂਮਾਨ ਦੇ 45 ਸਾਲਾ ਕਿਸਾਨ ਜਗਸੀਰ ਸਿੰਘ ਅਤੇ ਮਾਨਸਾ ਦੇ ਪਿੰਡ ਰੱਲਾ ਦੇ ਖੇਤ ਮਜ਼ਦੂਰ ਜੰਟਾ ਸਿੰਘ (45 ਸਾਲ) ਵੱਲੋਂ ਕੀਤੀ ਆਤਮ ਹੱਤਿਆ ਦੀਆਂ ਰਿਪੋਰਟਾਂ ਮੀਡੀਆ ਵਿੱਚ ਛਪੀਆਂ। ਕਿਸਾਨ ਅਤੇ ਖੇਤ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀ ਦਾ ਇੱਕ ਕਾਰਨ ਕਰਜ਼ਾ ਸੀ।
ਤਰਨਤਾਰਨ ਦੇ ਹੀ ਪਿੰਡ ਜੀਊਬਾਲਾ ਦੇ 40 ਸਾਲਾ ਸੁਖਵਿੰਦਰ ਸਿੰਘ ਦੀ ਨਸ਼ੇ ਦੇ ਟੀਕੇ ਦੀ ਓਵਰ ਡੋਜ਼ ਨਾਲ ਮੌਤ ਹੋ ਗਈ ਜਦਕਿ ਬੀਤੇ ਕੱਲ੍ਹ ਵੀ ਨੌਸ਼ਹਿਰਾ ਬਹਾਦਰ (ਗੁਰਦਾਸਪੁਰ) ਦੇ ਸੰਦੀਪ ਸਿੰਘ ਸੈਣ, ਗੜ੍ਹਦੀਵਾਲਾ (ਫ਼ਿਰੋਜ਼ਪੁਰ) ਦੇ ਗੁਰਪ੍ਰੀਤ ਸਿੰਘ ਅਤੇ ਗੋਇੰਦਵਾਲ ਸਾਹਿਬ ਦੇ ਲਖਵਿੰਦਰ ਲੱਖੀ ਦੀ ਨਸ਼ੇ ਦੀ ਓਵਰ ਡੋਜ਼ ਨਾਲ ਮੌਤਾਂ ਬਾਰੇ ਰਿਪੋਰਟਾਂ ਜਨਤਕ ਹੋਈਆਂ ਸਨ।