ਚੰਡੀਗੜ੍ਹ: ਸੂਬੇ ਵਿੱਚ ਲਘੂ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ.) ਨੂੰ ਉਦਯੋਗਿਕ ਵਿਕਾਸ ਦਾ ਧੁਰਾ ਦੱਸਦਿਆਂ ਵਧੀਕ ਮੁੱਖ ਸਕੱਤਰ ਉਦਯੋਗ ਅਤੇ ਇਨਵੈਸਟ ਪੰਜਾਬ, ਵਿਨੀ ਮਹਾਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਐੱਮ.ਐੱਸ.ਐੱਮ.ਈਜ਼. ਨੂੰ ਵੱਡੇ ਉਦਯੋਗਾਂ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ।
ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਮੌਕੇ ਸੰਬੋਧਨ ਕਰਦਿਆਂ ਵਿਨੀ ਮਹਾਜਨ ਨੇ ਸੂਬੇ ਵਿੱਚ ਐੱਮ.ਐੱਸ.ਐੱਮ.ਈ. ਖੇਤਰ ਨੂੰ ਮਜਬੂਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਕੀਤੇ ਵੱਖ-ਵੱਖ ਉਪਰਾਲਿਆਂ ਬਾਰੇ ਵਿਸਥਾਰ 'ਚ ਦੱਸਿਆ।
ਉਦਯੋਗਿਕ ਵਾਧੇ ਲਈ ਭਾਈਵਾਲ ਬਣਾਉਣ ਸਬੰਧੀ ਗਲੋਬਲ ਵੈਲਯੂ ਚੈਨ ਵਿੱਚ ਐਮ.ਐਸ.ਐਮ.ਈ.' ਸੈਸ਼ਨ ਨੂੰ ਸੰਬੋਧਨ ਕਰਦਿਆਂ ਮਹਾਜਨ ਨੇ ਈਜ਼ ਟੂ ਡੂਇੰਗ ਬਿਜ਼ਨਸ ਲਈ ਨਵੀਂ ਉਦਯੋਗਿਕ ਨੀਤੀ, ਉਦਯੋਗਾਂ ਨੂੰ ਸਬਸਿਡੀ ਨਾਲ 5 ਰੁਪਏ ਪ੍ਰਤੀ ਯੂਨਿਟ ਬਿਜਲੀ, ਜੀ.ਐੱਸ.ਟੀ. ਤੇ ਬਿਜਲੀ ਡਿਊਟੀ 'ਤੇ ਰਿਆਇਤਾਂ, ਜ਼ਮੀਨ ਦੀ ਆਨਲਾਈਨ ਮਲਕੀਅਤ, ਆਨਲਾਈਨ ਜਾਂਚ ਪ੍ਰਣਾਲੀ ਅਤੇ ਵਿੱਤੀ ਸਹੂਲਤਾਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਕਿਹਾ ਕਿ ਐੱਮ.ਐੱਸ.ਐੱਮ.ਈ. ਨੂੰ ਹੋਰ ਸਹੂਲਤ ਪ੍ਰਦਾਨ ਕਰਨ ਲਈ, ਪੰਜਾਬ ਸਰਕਾਰ ਨੇ 700 ਐੱਮ.ਐੱਸ.ਐੱਮ.ਈ. ਲਾਭਪਾਤਰੀਆਂ ਨੂੰ 1100 ਕਰੋੜ ਰੁਪਏ ਦਾ ਕਰਜ਼ ਮੁਹੱਈਆ ਕਰਵਾਉਣ ਲਈ ਐੱਚ.ਡੀ.ਐੱਫ.ਸੀ. ਬੈਂਕ ਨਾਲ ਭਾਈਵਾਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਬੈਂਕ ਸੂਬੇ ਦੇ ਸਾਰੇ ਉਦਯੋਗਾਂ ਨੂੰ ਕਾਰੋਬਾਰੀ ਕਰਜ਼ਿਆਂ ਲਈ ਵਿਸ਼ੇਸ਼ ਕੀਮਤ ਦੀ ਪੇਸ਼ਕਸ਼ ਕਰ ਰਿਹਾ ਹੈ।
ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਫੋਕਲ ਪੁਆਇੰਟਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 200 ਕਰੋੜ ਰੁਪਏ ਖਰਚ ਕਰੇਗੀ।
ਇਸ ਮੌਕੇ, ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪੰਜਾਬ ਆਧਾਰਤ ਐਮ.ਐਸ.ਐਮ.ਈ. ਨੂੰ ਨਵੇਂ ਬਾਜ਼ਾਰਾਂ ਤੱਕ ਪਹੁੰਚ ਦੇ ਯੋਗ ਬਣਾਉਣ ਲਈ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੇ ਪ੍ਰਮੁੱਖ ਈ-ਕਾਮਰਸ ਦਿੱਗਜਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ। ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਐਮਾਜ਼ੌਨ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਨਾਲ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਮੁੱਖ ਬਾਜ਼ਾਰਾਂ ਸਮੇਤ ਨਾਲ ਬੀ 2 ਬੀ ਸੰਪਰਕ ਨਾਲ ਜੁੜ ਸਕਣਗੇ, ਜਦਕਿ ਸਰਕਾਰ ਨੇ ਐੱਮ.ਐੱਸ.ਐੱਮ.ਈ. ਨੂੰ ਨਵੇਂ ਘਰੇਲੂ ਬਾਜ਼ਾਰਾਂ ਤੱਕ ਪਹੁੰਚ ਦੇ ਯੋਗ ਬਣਾਉਣ ਲਈ ਫਲਿੱਪਕਾਰਟ ਨਾਲ ਵੀ ਸਮਝੌਤਾ ਸਹੀਬੱਧ ਕੀਤਾ। ਇਸ ਦੇ ਨਾਲ ਸੂਬੇ ਵਿੱਚ ਹੈਂਡਲੂਮ ਅਤੇ ਛੋਟੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਫਲਿੱਪਕਾਰਟ ਸਮਰਥਨ ਵੀ ਸਮਝੌਤਾ ਸਹੀਬੱਧ ਕੀਤਾ।
ਸੈਸ਼ਨ ਦੀ ਸ਼ੁਰੂਆਤ ਵਿੱਚ ਹੀਰੋ ਸਾਈਕਲਜ਼ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਮੁੰਜਾਲ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।