ਚੰਡੀਗੜ੍ਹ:ਪੰਜਾਬੀਆਂ 'ਚ ਵਿਦੇਸ਼ ਜਾਣ ਦੀ ਲਾਲਸਾ ਇਸ ਕਦਰ ਭਾਰੀ ਹੈ ਕਿ ਹਜ਼ਾਰਾਂ ਲੋਕ ਆਏ ਦਿਨ ਜਹਾਜ਼ ਚੜ੍ਹ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਸਭ ਤੋਂ ਜ਼ਿਆਦਾ ਹੈ ਜਿਸ ਦਾ ਇਕ ਕਾਰਨ ਹੈ ਪੰਜਾਬ ਵਿੱਚ ਰੁਜ਼ਗਾਰ ਦੀ ਕਮੀ, ਪਰ ਦੇਖਿਆ ਜਾ ਰਿਹਾ ਹੈ ਕਿ ਸਰਕਾਰੀ ਨੌਕਰੀਆਂ ਕਰਨ ਵਾਲੇ ਬਾਬੂਆਂ ਦਾ ਮੋਹ ਵੀ ਵਿਦੇਸ਼ ਨਾਲ ਕੁੱਝ ਘੱਟ ਨਹੀਂ। ਪੰਜਾਬ ਦੇ ਸਰਕਾਰੀ ਮੁਲਾਜ਼ਮ ਨੌਕਰੀਆਂ ਛੱਡ ਕੇ ਜਾਂ ਸਵੈ ਇੱਛਾ ਰਿਟਾਇਰਮੈਂਟ ਲੈ ਕੇ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੇ ਪੁਲਿਸ ਮੁਲਾਜ਼ਮ, ਆਈਏਐੱਸ ਅਫ਼ਸਰ ਅਤੇ ਸਰਕਾਰੀ ਅਧਿਆਪਕ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ।
ਵਿਦੇਸ਼ੀ ਜਹਾਜ਼ਾਂ ਦੇ ਝੂਟੇ ਲੈਣ 'ਚ ਪੁਲਸੀਏ ਸਭ ਤੋਂ ਅੱਗੇ:ਪੰਜਾਬ ਦਾ ਮਾਨਚੈਸਟਰ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿੱਚ ਪਿਛਲੇ 3 ਸਾਲਾਂ ਤੋਂ ਪੁਲਿਸ ਕਾਂਸਟੇਬਲ ਤੋਂ ਲੈ ਕੇ ਸਬ-ਇੰਸਪੈਕਟਰ ਤੱਕ 91 ਮੁਲਾਜ਼ਮ ਸਮੇਂ ਤੋਂ ਪਹਿਲਾਂ ਪੁਲਿਸ ਵਿਭਾਗ ਨੂੰ ਅਲਵਿਦਾ ਆਖ ਗਏ। ਸਾਲ 2020 ਵਿੱਚ ਸਭ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਨੇ ਸਵੈ ਇੱਛਾ ਰਿਟਾਇਰਮੈਂਟ ਲਈ, ਜਦਕਿ 2021 ਵਿੱਚ 18 ਕਾਂਸਟੇਬਲ, 12 ਸਬ ਇੰਸਪੈਕਟਰ ਅਤੇ 30 ਹੋਰ ਪੁਲਿਸ ਮੁਲਾਜ਼ਮਾਂ ਨੇ ਵੀਆਰਐਸ ਲਈ। 2022 ਵਿੱਚ ਇਹ ਗਿਣਤੀ ਵਧ ਕੇ 28 ਹੋ ਗਈ। 2019 ਤੋਂ 2022 ਤੱਕ ਪੰਜਾਬ 'ਚ 100 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਵੀਆਰਐਸ ਲੈ ਕੇ ਵਿਦੇਸ਼ ਵਿੱਚ ਸੈਟਲ ਹੋ ਗਏ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਅਧਿਕਾਰੀ ਅਜਿਹੇ ਹਨ ਜਿਹਨਾਂ ਦੇ ਬੱਚੇ ਵਿਦੇਸ਼ਾਂ ਵਿੱਚ ਪਹਿਲਾਂ ਹੀ ਸੈਟਲ ਹੁੰਦੇ ਹਨ ਬਾਅਦ ਵਿੱਚ ਇਹ ਆਪ ਵੀ ਚਲੇ ਜਾਂਦੇ ਹਨ। ਸੰਗਰੂਰ ਜ਼ਿਲ੍ਹੇ ਦੇ 17 ਪੁਲਿਸ ਮੁਲਾਜ਼ਮਾਂ ਨੇ ਪਿਛਲੇ ਇੱਕ ਸਾਲ ਦੌਰਾਨ ਆਪਣੇ ਬੱਚਿਆਂ ਨਾਲ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਦੇਸ਼ ਜਾਣ ਲਈ ਵੀਆਰਐਸ ਲਈ ਹੈ। ਇਹਨਾਂ ਵਿੱਚ ਸੀਨੀਅਰ ਅਫ਼ਸਰਾਂ ਦੀ ਗਿਣਤੀ ਬਹੁਤ ਘੱਟ ਹੈ। ਜਦਕਿ ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਰੁਝਾਨ ਰਾਜਨੀਤੀ ਵੱਲ ਜ਼ਿਆਦਾ ਹੈ।
ਅਧਿਆਪਕਾਂ ਦੀ ਸਭ ਤੋਂ ਜ਼ਿਆਦਾ ਵਿਦੇਸ਼ ਜਾਣ 'ਚ ਰੁਚੀ: ਪੰਜਾਬ ਦੇ ਅਧਿਆਪਕਾਂ ਦਾ ਮੋਹ ਵੀ ਵਿਦੇਸ਼ ਜਾਣ ਲਈ ਕੁਝ ਘੱਟ ਨਹੀਂ ਹੈ। 2013 ਤੋਂ 2018 ਤੱਕ ਦੇ ਅੰਕੜਿਆਂ ਅਨੁਸਾਰ 6 ਸਾਲਾਂ ਵਿੱਚ 304 ਅਧਿਆਪਕ ਵਿਦੇਸ਼ ਗਏ ਅਤੇ ਮੁੜ ਕੇ ਕਦੇ ਵਾਪਸ ਨਹੀਂ ਆਏ ਜਿਸ ਕਰਕੇ ਉਹਨਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਇਹਨਾਂ ਵਿੱਚ ਸਭ ਤੋਂ ਜ਼ਿਆਦਾ ਮਹਿਲਾ ਅਧਿਆਪਕ ਹਨ ਜੋ ਕਿ 64 ਫ਼ੀਸਦੀ ਹਿੱਸਾ ਬਣਦਾ ਹੈ। ਕਈ ਅਧਿਆਪਕ ਤਾਂ ਅਜਿਹੇ ਹਨ ਜੋ ਐਕਸ ਇੰਡੀਆ ਲੀਵ ਲੈ ਕੇ ਗਏ। ਪੰਜਾਬ 'ਚ 3500 ਸਰਕਾਰੀ ਮੁਲਾਜ਼ਮ ਅਜਿਹੇ ਹਨ ਜਿਹਨਾਂ ਨੂੰ ਪੰਜਾਬ ਸਰਕਾਰ ਨੇ ਨੋਟਿਸ ਵੀ ਭੇਜਿਆ। ਉਹ ਲੀਵ ਐਕਸਟੈਨਸ਼ਨ ਲੈ ਕੇ ਸਰਕਾਰੀ ਖ਼ਜ਼ਾਨੇ ਵਿੱਚੋਂ ਤਨਖਾਹ ਵੀ ਲੈਂਦੇ ਰਹੇ।
ਬੀਐਸਐਫ ਅਤੇ ਸੀਆਈਐਸਐਫ ਅਧਿਕਾਰੀ ਵੀ ਲੈ ਰਹੇ ਵੀਆਰਐਸ:ਸਰਕਾਰੀ ਅੰਕੜੇ ਤੋਂ ਪਤਾ ਲੱਗਾ ਹੈ ਕਿ 2011 ਤੋਂ ਲੈ ਕੇ 2020 ਤੱਕ 81007 ਸੁਰੱਖਿਆ ਦਸਤੇ ਨਾਲ ਸਬੰਧਿਤ ਅਧਿਕਾਰੀਆਂ ਨੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈ। 15994 ਅਜਿਹੇ ਹਨ ਜਿਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਜਿਹਨਾਂ ਵਿੱਚੋਂ ਕਈਆਂ ਉੱਤੇ ਵਿਦੇਸ਼ ਜਾਣ ਵਾਲਾ ਰੁਝਾਨ ਵੀ ਭਾਰੂ ਹੋ ਸਕਦਾ ਹੈ।
ਪੰਜਾਬ ਦੇ ਨੌਜਵਾਨ ਹੀ ਨਹੀਂ ਸਰਕਾਰੀ ਮੁਲਾਜ਼ਮ ਵੀ ਵਿਦੇਸ਼ ਜਾਣ ਦੀ ਦੌੜ 'ਚ ਅੱਗੇ, ਵਿਦੇਸ਼ ਜਾਣ ਲਈ ਸਭ ਤੋਂ ਜ਼ਿਆਦਾ ਪੁਲਿਸ ਮੁਲਾਜ਼ਮਾਂ ਨੇ ਛੱਡੀ ਨੌਕਰੀ - ਪੁਲਿਸ ਮੁਲਾਜ਼ਮ ਵਿਦੇਸ਼ਾਂ ਵਿੱਚ ਹੋ ਰਹੇ ਸੈਟਲ
ਪੰਜਾਬ ਦੇ ਨੌਜਵਾਨ ਹੀ ਨਹੀਂ ਬਲਕਿ ਸਰਕਾਰੀ ਮੁਲਾਜ਼ਮ ਵੀ ਵਿਦੇਸ਼ ਜਾਣ ਵਿਚ ਮੋਹਰੀ ਹਨ। ਸਰਕਾਰੀ ਅਧਿਆਪਕ, ਪੁਲਿਸ ਮੁਲਾਜ਼ਮ ਅਤੇ ਹੋਰ ਅਧਿਕਾਰੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਵਿਦੇਸ਼ਾਂ ਵਿਚ ਸੈਟਲ ਹੋ ਰਹੇ ਹਨ।
ਸਰਕਾਰੀ ਅਫ਼ਸਰਾਂ ਦਾ ਮੋਹ ਭੰਗ ਹੋਣ ਦੇ ਕੀ ਨੇ ਕਾਰਨ:ਸਮਾਜਿਕ ਕਾਰਨਕੁੰਨ ਡਾਕਟਰ ਪਿਆਰੇ ਲਾਲ ਕਹਿੰਦੇ ਹਨ ਸਰਕਾਰੀ ਨੌਕਰੀਆਂ ਛੱਡ ਕੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਪਿੱਛੇ ਕਈ ਤੱਥ ਹਨ। ਇੱਕ ਤਾਂ ਇਹ ਕਿ ਭ੍ਰਿਸ਼ਟ ਅਧਿਕਾਰੀ ਆਪਣੇ-ਆਪ ਨੂੰ ਬਚਾਉਣ ਲਈ ਵਿਦੇਸ਼ਾਂ ਵੱਲ ਭੇਜਣਾ ਚਾਹੁੰਦੇ ਹਨ, ਇੱਥੋਂ ਮੋਟਾ ਪੈਸਾ ਕਮਾ ਕੇ ਅਫ਼ਸਰ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਵਪਾਰ ਸੈੱਟ ਕਰਦੇ ਹਨ। ਜਿਹੜੇ ਪੁਲਿਸ ਮੁਲਾਜ਼ਮ ਨੌਕਰੀ ਛੱਡਦੇ ਹਨ ਜਾਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਂਦੇ ਹਨ ਉਹਨਾਂ ਵਿੱਚ ਹੈਡ ਕਾਂਸਟੇਬਲ, ਏਐਸਆਈ, ਐਸਆਈ ਜੋ ਆਪਣੀ ਨੌਕਰੀ ਦੇ ਤਣਾਅ ਤੋਂ ਪ੍ਰੇਸ਼ਾਨ ਹੁੰਦੇ ਹਨ, ਉਹ ਜ਼ਿਆਦਾ ਗਿਣਤੀ ਵਿੱਚ ਸ਼ਾਮਿਲ ਨੇ। ਨੌਕਰੀ ਛੱਡਣ ਵਾਲੇ ਮੁਲਾਜ਼ਮਾਂ ਵਿੱਚੋਂ ਜ਼ਿਆਦਾਤਰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਜਾਂਦੇ ਹਨ।