ਬਠਿੰਡਾ/ਰੋਪੜ: ਇਸ ਸਮੇਂ ਜੈਪੂਰ ਸਮੇਤ ਪੂਰੇ ਭਾਰਤ ਵਿੱਚ ਆਪਣੀ ਦਹਿਸ਼ਤ ਅਤੇ ਕਰਵਾਏ ਜਾ ਰਹੇ ਕਤਲਾਂ ਕਾਰਣ ਸੁਰਖੀਆਂ 'ਚ ਬਣੇ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਪਤ ਨਹਿਰਾ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਹੁਣ ਪ੍ਰੋਡਕਸ਼ਨ ਵਾਰੰਟ ਉੱਤੇ ਐਂਟੀ ਗੈਂਗਸਟਰ ਟਾਸਕ ਫੋਰਸ (Anti Gangster Task Force) ਵੱਲੋਂ ਰੋਪੜ ਦੀ ਜੇਲ੍ਹ ਵਿੱਚ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਜਾਣਕਾਰੀ ਮੁਤਾਬਿਕ ਰੋਪੜ ਜੇਲ੍ਹ ਵਿੱਚ ਗੈਂਗਸਟਰ ਸੰਪਤ ਨਹਿਰਾ ਨੂੰ ਲਿਆਉਣ ਦਾ ਮਕਸਦ ਰਾਜਸਥਾਨ ਦੇ ਜੈਪੁਰ ਵਿਖੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਰਾਜਪੂਤ ਕਰਣੀ ਸੈਨਾ ਦੇ ਸੁਖਦੇਵ ਸਿੰਘ ਗੋਗਾ ਮੈੜੀ ਕਤਲ ਕਾਂਡ ਦੇ ਮਾਮਲੇ ਸਬੰਧੀ ਜਾਣਕਾਰੀ ਹਾਸਿਲ ਕਰਨਾ ਹੈ। ਇਸ ਮਾਮਲੇ 'ਚ ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਸ ਦਾ 15 ਦਸੰਬਰ ਤੱਕ ਅੱਠ ਦਿਨ ਦਾ ਰਿਮਾਂਡ ਅਦਾਲਤ ਵਲੋਂ ਦਿੱਤਾ ਗਿਆ ਹੈ।
ਗੈਂਗਸਟਰ ਸੰਪਤ ਨਹਿਰਾ ਦਾ ਕਤਲਕਾਂਡ ਵਿੱਚ ਨਾਮ: ਦੱਸ ਦਈਏ ਰਾਜਸਥਾਨ ਵਿੱਚ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈਡੀ ਨੂੰ ਫਿਲਮੀ ਅੰਦਾਜ਼ ਵਿੱਚ ਸ਼ੂਟਰਾਂ ਨੇ ਸ਼ਰੇਆਮ ਗੋਲੀਆਂ ਮਾਰੀਆਂ ਅਤੇ ਕਤਲ ਕਰ ਦਿੱਤਾ। ਇਸ ਕਤਲ ਨੇ ਪੂਰੇ ਰਾਜਸਥਾਨ ਦੇ ਲੋਕਾਂ ਨੂੰ ਸੜਕਾਂ ਉੱਤੇ ਉਤਰਨ ਲਈ ਮਜਬੂਰ ਕਰ ਦਿੱਤਾ। ਇਸ ਕਤਲ ਵਿੱਚ ਮੁੱਖ ਤੌਰ ਉੱਤੇ ਦੋ ਗੈਂਗਸਟਰਾਂ ਦਾ ਨਾਮ ਸਾਹਮਣੇ ਆਇਆ ਹੈ ਜਿਸ ਵਿੱਚ ਜੇਲ੍ਹ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਸੰਪਤ ਨਹਿਰਾ ਦਾ ਨਾਮ ਸ਼ਾਮਿਲ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੈਂਗਸਟਰ ਸੰਪਤ ਨਹਿਰਾ ਦਾ ਨਾਮ ਮੂਸੇਵਾਲਾ ਕਤਲ ਕਾਂਡ (Moosewala murder case) ਵਿੱਚ ਵੀ ਆਇਆ ਸੀ ਅਤੇ ਸੰਪਤ ਉੱਤੇ ਕਲਤਕਾਂਡ ਸਮੇਂ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਸਨ।