ਚੰਡੀਗੜ੍ਹ ਡੈਸਕ : ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ਵਿੱਚ ਬੀਤੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਤਤਕਾਲੀ ਸਰਕਾਰ ਦੇ ਮੰਤਰੀ ਸੁਖਜਿੰਦਰ ਰੰਧਾਵਾ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਸੀ ਤੇ ਇਲਜ਼ਾਮ ਲਾਏ ਸਨ, ਜਿਸ ਨੂੰ ਲੈ ਕੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਇਸ ਮੌਕੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਹੀ ਸਮਾਂ ਆ ਗਿਆ ਹੈ ਕਿ ਇਸ ਸਰਕਾਰ ਨੂੰ ਕੋਈ ਨਾਂ ਦਿੱਤਾ ਜਾਵੇ ਤੇ ਅਸੀਂ ਇਸ ਦਾ ਨਾਂ ਮਸ਼ਹੂਰੀਆਂ ਵਾਲੀ ਸਰਕਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮਸ਼ਹੂਰੀਆਂ ਵਾਲੀ ਸਰਕਾਰ ਪੰਜਾਬ ਦੇ ਸਹੀ ਮੁੱਦਿਆਂ ਤੋਂ ਭਟਕ ਗਈ ਹੈ ਤੇ ਇਨ੍ਹਾਂ ਬੁਨਿਆਦੀ ਮੁੱਦਿਆਂ ਉਤੇ ਗੱਲ ਵੀ ਨਹੀਂ ਕੀਤੀ। ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਕਹਿੰਦਾ ਸੀ ਕਿ ਮੈਂ ਪੰਜਾਬ ਵਿੱਚ ਨਸ਼ਾ ਖਤਮ ਕਰ ਦੇਵਾਂਗਾ, ਰੋਜ਼ਾਨਾ ਵੀਡੀਓ ਬਣਾ ਕੇ ਕਹਿੰਦੇ ਸੀ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਨਸ਼ਾ ਖਤਮ ਕਰ ਦਿਆਂਗੇ, ਪਰ ਸੱਤਾ ਉਤੇ ਕਾਬਜ਼ ਹੋਣ ਤੋਂ ਬਾਅਦ ਹਾਲਤ ਪਿਛਲੀਆਂ ਸਰਕਾਰਾਂ ਤੋਂ ਵੀ ਮਾੜੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਪ੍ਰਬੰਧਾਂ ਦੇ ਹਾਲਾਤ ਬਦ ਤੋਂ ਬਦਤਰ ਹਨ। ਉਨ੍ਹਾਂ ਨੇ ਬੀਤੇ ਕੁਝ ਦਿਨ ਪਹਿਲਾਂ ਹੋਈ ਮੋਗਾ ਵਿਖੇ ਵਿਅਕਤੀ ਦੇ ਕਤਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਮਸ਼ਹੂਰੀ ਵਾਲੀ ਸਰਕਾਰ ਨੇ ਇਸ ਮੁੱਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਸਗੋਂ ਮੁਖਤਾਰ ਅੰਸਾਰੀ ਦਾ ਮੁੱਦਾ ਲੈ ਕੇ ਬੈਠ ਗਏ।
ਗੋਲਡੀ ਬਰਾੜ ਦੇ ਵੀ ਮਾਮਲੇ ਉਤੇ ਸਰਕਾਰ ਨੂੰ ਘੇਰਿਆ :ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਅੱਜ ਕੋਈ ਵੀ ਸਰਕਾਰ ਖ਼ਿਲਾਫ਼ ਸੋਸ਼ਲ ਮੀਡੀਆ ਉਤੇ ਬੋਲਦਾ ਹੈ, ਉਹ ਸਭ ਯੂਟਿਊਬ ਉਤੋਂ ਉਡ ਜਾਂਦਾ ਹੈ, ਪਰ ਲਾਰੈਂਸ ਬਿਸ਼ਨੋਈ ਅੱਜ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਇਸ ਮਾਮਲੇ ਵਿੱਚ ਐਸਆਈਟੀ ਬਣਾਉਣ ਦੀ ਗੱਲ ਕਹੀ ਸੀ, ਪਰ ਪੱਤਰਕਾਰ ਤੇ ਗੈਂਗਸਟਰ ਇਨ੍ਹਾਂ ਕੋਲ ਹੋਣ ਦੇ ਬਾਵਜੂਦ ਇਨ੍ਹਾਂ ਕੋਲੋਂ ਕਾਰਵਾਈ ਨਹੀਂ ਹੋਈ। ਉਨ੍ਹਾਂ ਪੰਜਾਬ ਦੇ ਕਾਨੂੰਨ ਪ੍ਰਬੰਧਾਂ ਦੇ ਹਾਲਾਤ ਉਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਾਬ੍ਹ ਇਹ ਸਟੇਜ ਨਹੀਂ ਸਟੇਟ ਹੈ। ਤਗੜੇ ਹੋ ਕੇ ਸਰਕਾਰ ਵੱਲ ਦੇਖੋ। ਉਨ੍ਹਾਂ ਫਿਰ ਗੋਲਡੀ ਬਰਾੜ ਦੇ ਵੀ ਮਾਮਲੇ ਉਤੇ ਸਰਕਾਰ ਨੂੰ ਘੇਰਿਆ। ਉਸ ਨੇ ਖੁਦ ਮੰਨਿਆ ਸੀ ਕਿ ਉਹ 2 ਤੋਂ ਢਾਈ ਕਰੋੜ ਰੁਪਏ ਪੰਜਾਬ ਵਿਚੋਂ ਫਿਰੌਤੀ ਲੈਂਦਾ ਹੈ, ਇਸ ਮਾਮਲੇ ਉਤੇ ਕਿਉਂ ਨਹੀਂ ਬੋਲ ਰਿਹਾ ਮੁੱਖ ਮੰਤਰੀ। ਉਨ੍ਹਾਂ ਸਰਕਾਰ ਦੇ ਪੀਆਰਓਜ਼ ਨੂੰ ਬੋਲਦਿਆਂ ਕਿਹਾ ਕਿ ਇਸ ਦਾ ਟਵਿੱਟਰ ਹੈਂਡਲ ਡਲੀਟ ਕਰ ਦਿਓ। ਇਹ ਦਾਰੂ ਪੀ ਕੇ ਕੋਈ ਹੋਰ ਟਵੀਟ ਕਰ ਦਿੰਦਾ ਹੈ ਤੇ ਜਦੋਂ ਉੱਤਰ ਜਾਂਦੀ ਹੈ ਤਾਂ ਕੋਈ ਹੋਰ ਟਵੀਟ ਕਰ ਦਿੰਦਾ ਹੈ।
ਮੁੱਖ ਮੰਤਰੀ ਉਤੇ ਕਰਾਂਗਾ ਮਾਣਹਾਨੀ ਦਾ ਕੇਸ :ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬੋਲਣ ਤੋਂ ਪਹਿਲਾਂ ਸੋਚਦਾ ਨਹੀਂ, ਇਸ ਨੂੰ ਬੋਲਣ ਦੀ ਤਮੀਜ਼ ਨਹੀਂ, ਮੈਂ ਇਸ ਉਤੇ ਮਾਣਹਾਨੀ ਦਾ ਕੇਸ ਪਾਵਾਂਗਾ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰਾਂ ਨੇ ਸਾਰੀ ਜ਼ਿੰਦਗੀ ਸਿਆਸਤ ਵਿੱਚ ਲੰਘਾ ਦਿੱਤੀ। ਇਹ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ। ਇਹ ਤਾਨਾਸ਼ਾਹੀ ਨਹੀਂ ਚੱਲਣ ਦੇਵਾਂਗੇ। ਉਨ੍ਹਾਂ ਨਾਲ ਹੀ ਚਿਤਾਵਨੀ ਕਰਦਿਆਂ ਕਿਹਾ ਕਿ ਮੈਨੂੰ ਰਿਕਵਰੀ ਦਾ ਨੋਟਿਸ ਭੇਜੇ। ਉਨ੍ਹਾਂ ਕਿਹਾ ਕਿ ਮੈਨੂੰ ਟਵੀਟ ਵਿੱਚ ਇਸ ਦਾ ਬਿਆਨ ਨਹੀਂ ਰਿਕਵਰੀ ਨੋਟਿਸ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਟਵੀਟ ਨਾਲ ਸਰਕਾਰਾਂ ਨਹੀਂ ਚੱਲਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜੋ ਗੰਢ੍ਹਾਂ ਹੱਥਾਂ ਨਾਲ ਦਿੱਤੀਆਂ ਹਨ, ਉਹ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ।