ਬਠਿੰਡਾ:ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਨਾਂਅ ਵਿਵਾਦਿਤ ਬਿਆਨਾਂ ਕਰਕੇ ਤਾਂ ਸੁਰਖੀਆਂ ਵਿੱਚ ਬਣਿਆ ਹੀ ਰਹਿੰਦਾ ਹੈ, ਪਰ ਇਸ ਵਾਰ ਜੇਲ੍ਹ ਵਿੱਚ ਬੰਦ ਗੈਂਗਸਟਰ ਕਰਕੇ ਅੰਮ੍ਰਿਤਪਾਲ ਦਾ ਨਾਂਅ ਮੁੜ ਸੁਰਖੀਆਂ ਵਿੱਚ ਆਇਆ ਹੈ। ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਰਾਜੀਵ ਰਾਜਾ ਨੇ ਪੱਤਰ ਲਿਖ ਕੇ ਅੰਮ੍ਰਿਤਪਾਲ ਨੂੰ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਜੇਲ੍ਹ 'ਤ ਬੰਦ ਗੈਂਗਸਟਰ ਦਾ ਅੰਮ੍ਰਿਤਪਾਲ ਪੱਤਰ
ਪੰਜਾਬ ਦੀ ਸ਼ਾਂਤੀ ਨੂੰ ਨਾ ਲਾਓ ਅੱਗ: ਗੈਂਗਸਟਰ ਨੇ ਪੱਤਰ ਰਾਹੀਂ ਲਿਖਿਆ ਕਿ ਅੰਮ੍ਰਿਤਪਾਲ ਸਿੰਘ ਦੇ ਬਿਆਨ ਪੰਜਾਬ ਦੇ ਸ਼ਾਂਤੀ ਨੂੰ ਅੱਗ ਲਾਉਣ ਵਾਲੇ ਹਨ। ਗੈਂਗਸਟਰ ਨੇ ਅੱਗੇ ਇਹ ਵੀ ਲਿਖਿਆ ਕਿ ਉਹ ਪੰਜਾਬ ਵਿੱਚ ਆਉਣ ਦਾ ਆਪਣਾ ਮਕਸਦ ਸਾਫ ਕਰੇ। ਉਸ ਨੇ ਅੱਗੇ ਲਿਖਿਆ ਕਿ ਅੰਮ੍ਰਿਤਪਾਲ ਪੰਜਾਬ ਅੰਦਰ ਮੁੜ ਕਾਲੇ ਦੌਰ ਨੂੰ ਜਗਾਉਣ ਵਾਲੀ ਅੱਗ ਨੂੰ ਹਵਾ ਦੇ ਰਿਹਾ ਹੈ। ਉਸ ਨੇ ਕਿਹਾ ਪਹਿਲਾਂ ਵੀ ਇਸੇ ਤਰ੍ਹਾਂ ਦੇ ਬਿਆਨਾਂ ਨੇ ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਈ ਸੀ ਅਤੇ ਹੁਣ ਅੰਮ੍ਰਿਤਪਾਲ ਜਿਹੇ ਆਗੂ ਮੁੜ ਇਹੀ ਕੋਝੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਕੌਂਣ ਹੈ ਗੈਂਗਸਟਰ ਰਾਜੀਵ ਰਾਜੂ: ਦਰਅਸਲ ਵੱਖ ਵੱਖ ਵਾਰਦਾਤਾਂ ਵਿੱਚ ਸ਼ਾਮਿਲ ਗੈਂਗਸਟਰ ਰਾਜੀਵ ਰਾਜੂ ਪਿਛਲੇ 17 ਸਾਲਾ ਤੋਂ ਜੇਲ੍ਹ ਅੰਦਰ ਬੰਦ ਹੈ। ਉਸ ਦੀ ਉਮਰ 38 ਸਾਲ ਦੇ ਕਰੀਬ ਹੈ ਅਤੇ ਇਸ ਗੈਂਗਸਟਰ ਨੇ ਬਠਿੰਡਾ ਜੇਲ੍ਹ ਤੋਂ ਇਹ ਪੱਤਰ ਅੰਮ੍ਰਿਤਪਾਲ ਦੇ ਨਾਂਅ ਲਿਖਿਆ ਸੀ, ਜੋ ਸੁਰੱਖਿਆ ਅਧਿਕਾਰੀਆਂ ਦੇ ਹੱਥ ਲੱਗ ਗਿਆ। ਇਸ ਤੋਂ ਇਲਾਵਾ ਗੈਂਗਸਟਰ ਨੇ ਤਿੰਨ ਪੰਨਿਆਂ ਦੇ ਪੱਤਰ ਵਿੱਚ ਇਹ ਵੀ ਲਿਖਿਆ ਹੈ ਕਿ ਅੰਮ੍ਰਿਤਪਾਲ ਇੱਕ ਸਾਲ ਜੇਲ੍ਹ ਵਿੱਚ ਰਹਿ ਕੇ ਦੇਖੇ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਕਿਹੋ ਜਿਹੋ ਹਨ।
ਇਹ ਵੀ ਪੜ੍ਹੋ:Encounter In Firozpur: ਫਿਰੋਜ਼ਪੁਰ 'ਚ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਅਤੇ ਪੁਲਿਸ ਵਿਚਾਲੇ ਹੋਈ ਮੁਠਭੇੜ
ਦੱਸ ਦਈਏ ਕਿ ਅੰਮ੍ਰਿਤਪਾਲ ਦੀ ਕੁੱਝ ਮਹੀਨੇ ਪਹਿਲਾਂ ਦਸਤਾਰਬੰਦੀ ਕਰਕੇ ਉਸ ਨੂੰ ਮਰਹੂਮ ਅਦਾਕਾਰ ਦੀਪ ਸਿੱਧੂ ਵੱਲੋਂ ਸਥਾਪਿਤ ਕੀਤੀ ਗਈ ਜਥੇਬੰਦੀ ਦਾ ਮੁਖੀ ਸਾਂਸਦ ਸਿਮਰਨਜੀਤ ਮਾਨ ਵੱਲੋਂ ਥਾਪਿਆ ਗਿਆ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਆਪਣੇ ਕੱਟੜ ਬਿਆਨਾਂ ਕਰਕੇ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਹੀ ਅੰਮ੍ਰਿਤਪਾਲ ਉੱਤੇ ਨੌਜਵਾਨਾਂ ਨੂੰ ਭੜਕਾਉਣ ਦੇ ਇਲਜ਼ਾਮ ਵੀ ਵਗਾਤਾਰ ਲੱਗਦੇ ਰਹੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਦੇ ਭੜਕਾਊ ਬਿਆਨਾਂ ਕਰਕੇ ਸੋਸ਼ਲ ਮੀਡੀਆ ਉੱਤੇ ਉਸ ਦੇ ਵੱਖ ਵੱਖ ਅਕਾਊਂਟ ਵੀ ਏਜੰਸੀਆਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਬੰਦ ਕਰ ਦਿੱਤੇ ਗਏ ਹਨ।