ਚੰਡੀਗੜ੍ਹ :ਪੰਜਾਬ ਵਿਚ ਬਹਿਬਲ ਕਲਾਂ ਗੋਲੀਕਾਂਡ ਦੇ ਇਨਸਾਫ਼ ਲਈ ਮੋਰਚਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਕੌਮੀ ਇਨਸਾਫ਼ ਮੋਰਚਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣ ਸਕਦਾ। 8 ਸਾਲਾਂ ਤੋਂ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਦਾ ਇਨਸਾਫ਼ ਨਾ ਮਿਲਣ 'ਤੇ ਸਿੱਖ ਸੰਗਤ ਵਿਚ ਰੋਸ ਹੈ ਅਤੇ ਹੁਣ ਮੁੜ ਇਸ ਰੋਸ ਨੇ ਮੋਰਚੇ ਦਾ ਰੂਪ ਧਾਰਨ ਕਰ ਲਿਆ ਹੈ। ਸਾਲਾਂ ਤੋਂ ਲਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿਚ 7 ਜਨਵਰੀ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਦੋਵੇਂ ਮੋਰਚੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ। ਸੱਤਾ ਵਿਚ ਆਉਣ ਤੋਂ ਪਹਿਲਾਂ ਸਿੱਖ ਸੰਗਤ ਨੂੰ ਅਰਵਿੰਦ ਕੇਜਰੀਵਾਲ ਨੇ ਧਰਵਾਸ ਦਿੱਤਾ ਸੀ ਕਿ ਸਰਕਾਰ ਬਣਨ ਦੇ 24 ਘੰਟੇ ਬਾਅਦ ਮਸਲੇ ਹੱਲ ਹੋ ਜਾਣਗੇ। ਹੁਣ ਆਪ ਸਰਕਾਰ ਦੇ ਕਾਰਜਕਾਲ ਨੂੰ 1 ਸਾਲ ਪੂਰਾ ਹੋਣ ਵਾਲਾ ਹੈ, ਪਰ ਮੰਗਾਂ ਤੇ ਮਸਲੇ ਜਿਉਂ ਦੇ ਤਿਉਂ ਹਨ ਤੇ ਸਿੱਖ ਸੰਗਤ ਦਾ ਰੋਸ ਹੁਣ ਮੋਰਚਿਆਂ ਵਿਚ ਬਦਲ ਗਿਆ ਹੈ।
"ਮੋਰਚੇ ਸਰਕਾਰ ਨੇ ਖੁਦ ਬਣਾਈ ਚੁਣੌਤੀ" :ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ ਦਾ ਕਹਿਣਾ ਹੈ ਕਿ, ਇਹ ਮੋਰਚੇ ਸਰਕਾਰ ਲਈ ਚੁਣੌਤੀ ਨਹੀਂ ਬਲਕਿ ਸਰਕਾਰ ਨੇ ਖੁਦ ਇਨ੍ਹਾਂ ਨੂੰ ਚੁਣੌਤੀ ਬਣਾ ਲਿਆ ਹੈ। ਨਾ ਹੀ ਇਹ ਕੋਈ ਬਹੁਤ ਵੱਡੇ ਮਸਲੇ ਹਨ, ਜਿਨ੍ਹਾਂ ਦਾ ਹੱਲ ਨਾ ਹੋ ਸਕੇ । ਸਰਕਾਰ ਕੋਲ ਸਾਰਾ ਰਿਕਾਰਡ, ਗਵਾਹ, ਸਬੂਤ ਮੌਜੂਦ ਹਨ ਬੱਸ ਦੇਰ ਹੈ ਤਾਂ ਸਿਰਫ਼ ਕਾਰਵਾਈ ਕਰਨ ਦੀ । ਜਦੋਂ ਸਰਕਾਰਾਂ ਦੇ ਸਾਹਮਣੇ ਸਭ ਕੁਝ ਹੋਵੇ ਤੇ ਸਰਕਾਰਾਂ ਫਿਰ ਵੀ ਕਾਰਵਾਈ ਨਾ ਕਰਨ ਤਾਂ ਇਸਦਾ ਮਤਲਬ ਤਾਂ ਸਿਆਸੀ ਸਾਜ਼ਿਸ਼ਾਂ ਦਾ ਹੇਰ-ਫੇਰ ਹੁੰਦਾ ਹੈ। ਸਿਆਸੀ ਹੇਰ-ਫੇਰ ਵਿਚ ਇਨਸਾਫ਼ ਉਲਝ ਕੇ ਰਹਿ ਜਾਂਦੇ ਹਨ। ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਲਈ ਕਈ ਸਿਟ ਬਣੀਆਂ ਪਰ ਅੱਜ ਤੱਕ ਕੋਈ ਵੀ ਸਿੱਟ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ।
ਓਹੀ ਗਵਾਹ, ਓਹੀ ਸਬੂਤ ਹਰ ਵਾਰ ਸਭ ਕੁਝ ਇਕੋ ਜਿਹਾ ਹੀ ਹੁੰਦਾ ਹੈ, ਫਿਰ ਵੀ ਇਨਸਾਫ਼ ਅਜੇ ਤੱਕ ਨਹੀਂ ਮਿਲਆ । ਸਰਕਾਰਾਂ ਲੋਕਾਂ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ਤੇ ਦੂਜੇ ਪਾਸੇ ਸਰਕਾਰਾਂ ਜਨਤਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਥਾਂ ਪਨਾਹ ਦਿੰਦੀਆਂ ਹਨ। ਇਹੀ ਕਾਰਨ ਹੈ ਕਿ ਹੁਣ ਤੱਕ ਸਿੱਖ ਸੰਗਤ ਨੂੰ ਬੇਅਦਬੀ ਅਤੇ ਬੰਦੀ ਸਿੰਘਾਂ ਦਾ ਰਿਹਾਈ ਦਾ ਇਨਸਾਫ਼ ਨਹੀਂ ਮਿਲਆ। ਅਕਾਲੀ ਦਲ ਅਤੇ ਕਾਂਗਰਸ ਦਾ ਪੰਜਾਬ ਵਿਚੋਂ ਸਫ਼ਾਇਆ ਹੋਣ ਦੇ ਇਹੀ ਕਾਰਨ ਹਨ ਕਿ ਉਨ੍ਹਾਂ ਨੇ ਇਨ੍ਹਾਂ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣ ਲੜੀ ਪਰ ਹੁਣ ਤੱਕ ਇਨਸਾਫ਼ ਨਹੀਂ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਵੀ ਉਸੇ ਰਾਹ ਉਤੇ ਚੱਲ ਰਹੀ ਹੈ।
ਕੁੰਵਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਤੋਂ ਖ਼ਫਾ : "ਆਪ" ਦਾ 24ਵੀ ਘੰਟਿਆਂ ਵਿਚ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਸਰਕਾਰ ਬਣਨ ਦੇ 11 ਮਹੀਨੇ ਬਾਅਦ ਤੱਕ ਵੀ ਵਫ਼ਾ ਨਾ ਹੋ ਸਕਿਆ, ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਪੱਤਾ ਵੀ ਕੇਜਰੀਵਾਲ ਨੇ ਸੁੱਟਿਆ ਸੀ ਪਰ ਉਹ ਮਸਲਾ ਵੀ ਜਿਉਂ ਦਾ ਤਿਉਂ ਹੀ ਹੈ। ਬਲਜੀਤ ਮਰਵਾਹਾ ਕਹਿੰਦੇ ਹਨ ਕਿ ਆਪ ਲਈ ਸਭ ਤੋਂ ਵੱਡੀ ਚੁਣੌਤੀ ਤਾਂ ਉਨ੍ਹਾਂ ਦਾ ਆਪਣਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ। ਜੋ ਬੇਅਦਬੀ ਮਾਮਲ਼ਿਆਂ ਦੀ ਪਰਤਾਂ ਖੋਲ੍ਹਣੀਆਂ ਚਾਹੁੰਦਾ ਹੈ ਪਰ ਉਸਦੀ ਕੋਈ ਪੇਸ਼ ਨਹੀਂ ਜਾ ਰਹੀ।