ਮੋਹਾਲੀ :ਡੇਰਾਬੱਸੀ ਦੇ ਬਹੇੜਾ ਰੋਡ ’ਤੇ ਸਥਿਤ ਫੈਡਰਲ ਐਗਰੋ ਮੀਟ ਪਲਾਂਟ ਵਿੱਚ ਟੈਂਕੀ ਦੀ ਸਫ਼ਾਈ ਕਰਦੇ ਸਮੇਂ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਚਾਰੇ ਮਜ਼ਦੂਰ ਟੈਂਕੀ 'ਚ ਉਤਰੇ ਤਾਂ ਗੈਸ ਚੜ੍ਹਨ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਫੈਡਰਲ ਐਗਰੋ ਮੀਟ ਪਲਾਂਟ 'ਚ ਟੈਂਕੀ ਦੀ ਸਫ਼ਾਈ ਦੌਰਾਨ ਦੁਪਹਿਰ ਵੇਲੇ ਵਾਪਰੀ ਜਦੋਂ 4 ਸਫ਼ਾਈ ਕਰਮਚਾਰੀ ਟੈਂਕੀ ਦੀ ਸਫ਼ਾਈ ਕਰਨ ਲਈ ਉਸ 'ਚ ਉਤਰੇ।
ਘਟਨਾ ਵਿੱਚ ਮਾਰੇ ਗਏ ਮਜ਼ਦੂਰਾਂ ਵਿੱਚੋਂ 1 ਪੰਜਾਬ, 1 ਬਿਹਾਰ ਦਾ 2 ਨੇਪਾਲ ਦੇ :ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਚਾਰੇ ਮਜ਼ਦੂਰ ਫੈਕਟਰੀ ਦੀ ਜ਼ਮੀਨਦੋਜ਼ ਤੇਲ ਟੈਂਕੀ ਦੀ ਸਫਾਈ ਕਰਨ ਲਈ ਟੈਂਕੀ ਦੇ ਅੰਦਰ ਗਏ ਸਨ। ਮ੍ਰਿਤਕਾਂ ਦੀ ਪਛਾਣ ਬੇਹਰਾ ਦੇ ਪਿੰਡ ਮਾਣਕ, ਸ਼੍ਰੀਧਰ ਪਾਂਡੇ ਨੇਪਾਲ, ਜਨਕ ਵਾਸੀ ਨੇਪਾਲ ਤੇ ਕੁਰਬਾਨ ਵਾਸੀ ਬਿਹਾਰ ਵਜੋਂ ਹੋਈ ਹੈ। ਲਾਸ਼ਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਫੈਕਟਰੀ ਦੇ ਠੇਕੇਦਾਰ ਗਿਆਨ ਬਹਾਦੁਰ ਨੇ ਦੱਸਿਆ ਕਿ ਟੈਂਕੀ ਦੀ ਸਫਾਈ ਲਈ ਪਹਿਲਾਂ ਇਕ ਮੁਲਾਜ਼ਮ ਅੰਦਰ ਗਿਆ ਸੀ, ਜਦੋਂ ਕੁਝ ਸਮਾਂ ਉਹ ਬਾਹਰ ਨਹੀਂ ਆਇਆ ਤਾਂ ਉਸ ਨੂੰ ਦੇਖਣ ਅੰਦਰ ਦੂਸਰਾ ਮੁਲਾਜ਼ਮ ਗਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਦੋਵਾਂ ਦੀ ਮਦਦ ਲਈ ਜਦੋਂ ਤੀਸਰਾ ਮੁਲਾਜ਼ਮ ਅੰਦਰ ਗਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਜਦੋਂ ਫੈਕਟਰੀ ਦਾ ਮੁਲਾਜ਼ਮ ਮਾਣਕ ਤਿੰਨਾਂ ਨੂੰ ਬਾਹਰ ਕਢਾਉਣ ਲਈ ਗਿਆ ਤਾਂ ਉਹ ਵੀ ਮੌਕੇ ਗੈਸ ਚੜ੍ਹਨ ਕਾਰਨ ਬੇਹੋਸ਼ ਹੋ ਗਿਆ। ਇਨ੍ਹਾਂ ਚਾਰਾਂ ਨੂੰ ਫੌਰੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਤਕ ਐਲਾਨ ਦਿੱਤਾ।