ਚੰਡੀਗੜ੍ਹ ਡੈਸਕ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਾਲੀ ਭਾਜਪਾ ਦੀ ਪੰਜਾਬ ਇਕਾਈ ਵਿੱਚ ਅੱਜ ਇੱਕ ਹੋਰ ਕਾਂਗਰਸੀ ਆਗੂ ਦਾ ਨਾਂ ਸ਼ਾਮਲ ਹੋ ਗਿਆ ਹੈ। ਇਸ ਸਬੰਧੀ ਭਾਜਪਾ ਆਗੂ ਰਾਜ ਕੁਮਾਰ ਵੇਰਕਾ ਨੇ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਝੇ ਦੀ ਸਿਆਸਤ ਵਿੱਚ ਸਰਗਰਮ ਰਹੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਦੇ ਸੂਤਰਾਂ ਦੀ ਮੰਨੀਏ ਤਾਂ ਸੇਖੜੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਸਨ।
ਭਾਜਪਾ 'ਚ ਸ਼ਾਮਲ ਹੋਣ ਤੋਂ ਬੋਲੇ ਕਾਂਗਰਸੀ ਸਾਬਕਾ ਮੰਤਰੀ ਅਸ਼ਵਨੀ ਸੇਖੜੀ : ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਵੱਲੋਂ ਜੋ ਵੀ ਹੁਕਮ ਕੀਤਾ ਜਾਵੇਗਾ ਉਸ ਹਿਸਾਬ ਨਾਲ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਭਲਕੇ ਸੂਬਾ ਮੁੱਖ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਤੇ ਉਥੇ ਦੱਸਿਆ ਜਾਵੇਗਾ ਕਿ ਕਿਉਂ ਆਗੂ ਕਾਂਗਰਸ ਛੱਡ ਕੇ ਭਾਜਪਾ ਦਾ ਰੁੱਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦਰਦ ਕਾਂਗਰਸ ਵਿੱਚ 80 ਫੀਸਦੀ ਆਗੂ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਕਾਂਗਰਸ ਵਿੱਚ ਕੰਮ ਨਹੀਂ ਕਰ ਸਕਦਾ। ਸਿਆਸੀ ਗੈਂਗ ਬਣ ਗਏ ਹਨ, ਜੋ ਆਪਣੇ ਹਿਸਾਬ ਨਾਲ ਕੰਮ ਕਰਦੇ ਹਨ, ਕਿਸੇ ਦੀ ਸੁਣਦੇ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਉਹ ਦੇਸ਼ ਦੀ ਗੱਲ ਕਰਦੇ ਹਨ, ਪਰ ਕਾਂਗਰਸ ਵਿੱਚ ਕੁਰਸੀ ਦੀਆਂ ਗੱਲਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਭਲਾਈ ਲਈ ਭਾਜਪਾ ਵਿੱਚ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਨਾ ਤਾਂ ਮੈਂ ਲੋਕ ਸਭਾ ਦੀ ਮੰਗ ਕਰ ਰਿਹਾਂ ਤੇ ਨਾ ਹੀ ਵਿਧਾਨ ਸਭਾ ਦੀ, ਮੈਂ ਬੱਸ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ ਹਾਂ।
ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਹੋਏ ਸ਼ਾਮਲ:ਕਦੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਰਹੇ ਅਤੇ ਹਮੇਸ਼ਾ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣ ਵਾਲੇ ਸੇਖੜੀ ਪਿਛਲੇ ਕੁਝ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਸੀ। ਭਾਜਪਾ ਆਗੂ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਅੱਜ ਉਹ ਭਾਜਪਾ 'ਚ ਸ਼ਾਮਲ ਹੋ ਗਏ ਹਨ।