ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੋਹਾਲੀ ਵਿਖੇ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਨਹੀਂ ਹੋਣਗੇ। ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਨੂੰ ਆਪਣੇ ਰੁਝੇਵਿਆਂ ਦਾ ਹਵਾਲਾ ਦਿੱਤਾ ਹੈ ਤੇ ਹੁਣ ਵਿਜੀਲੈਂਸ ਨੇ 20 ਅਪ੍ਰੈਲ ਨੂੰ ਮੁੜ ਬੁਲਾਇਆ ਹੈ। ਦੱਸ ਦਈਏ ਕਿ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅੱਜ ਤਲਬ ਕੀਤਾ ਸੀ।
ਇਹ ਵੀ ਪੜੋ:Jalandhar by-election: ਅਕਾਲੀ-ਬਸਪਾ ਗਠਜੋੜ ਨੇ ਸੁਖਵਿੰਦਰ ਸਿੰਘ ਸੁੱਖੀ ਨੂੰ ਐਲਾਨਿਆ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ
ਚਰਨਜੀਤ ਸਿੰਘ ਚੰਨੀ ਤੋਂ ਹੁਣ 20 ਅਪ੍ਰੈਲ ਨੂੰ ਹੋਵੇਗੀ ਪੁੱਛਗਿੱਛ: ਚੰਨੀ ਨੂੰ ਆਪਣੀ ਜਾਇਦਾਦ ਦੇ ਦਸਤਾਵੇਜ਼ਾਂ ਸਮੇਤ ਵਿਜੀਲੈਂਸ ਬਿਊਰੋ ਦੇ ਮੋਹਾਲੀ ਹੈੱਡਕੁਆਰਟਰ ਵਿਖੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਅੱਜ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਤੋਂ ਪੁੱਛਗਿੱਛ ਕਰ ਸਕਦੀ ਸੀ, ਪਰ ਹੁਣ ਵਿਜੀਲੈਂਸ 20 ਅਪ੍ਰੈਲ ਨੂੰ ਪੁੱਛਗਿੱਛ ਕਰੇਗੀ। ਦੂਜੇ ਪਾਸੇ ਜਲੰਧਰ ਲੋਕ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਇਸ ਨੂੰ ਲੈ ਕੇ ਸਿਆਸੀ ਖਿੱਚੋਤਾਣ ਹੋਣੀ ਤੈਅ ਹੈ।
ਵਿਜੀਲੈਂਸ ਨੇ ਰਿਪੋਰਟ ਕੀਤੀ ਤਿਆਰ:ਸੂਤਰਾਂ ਅਨੁਸਾਰ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਾਇਦਾਦ ਸਬੰਧੀ ਵਿਸਥਾਰਤ ਰਿਪੋਰਟ ਤਿਆਰ ਕਰ ਲਈ ਗਈ ਹੈ ਤੇ ਅੱਜ ਜਦੋਂ ਚੰਨੀ ਬਿਊਰੋ ਸਾਹਮਣੇ ਪੇਸ਼ ਹੋਣਾ ਸੀ ਤਾਂ ਚੰਨੀ ਦੀ ਜਾਇਦਾਦਾਂ ਦੀ ਸੂਚੀ ਵਿਸਥਾਰਤ ਰਿਪੋਰਟ ਨਾਲ ਨੱਥੀ ਕੀਤੀ ਜਾਣੀ ਸੀ।
ਰਾਜਾ ਵੜਿੰਗ ਨੇ ਚੰਨੀ ਦੇ ਹੱਕ ਵਿੱਚ ਕੀਤਾ ਟਵੀਟ: ਇਸ ਮਾਮਲੇ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਜਾ ਵੜਿੰਗ ਨੇ ਆਪਣੇ ਟਵਿਟ ਵਿੱਚ ਲਿਖਿਆ ‘ਜਲੰਧਰ ਜ਼ਿਮਨੀ ਚੋਣ 'ਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਨਿਸ਼ਚਿਤ ਅਤੇ ਸ਼ਰਮਨਾਕ ਹਾਰ ਹੋਣ ਦਾ ਡਰ ਸਤਾ ਰਿਹਾ ਹੈ, ਇਸ ਲਈ ਉਹ ਵਿਰੋਧੀ ਪਾਰਟੀ ਉੱਤੇ ਦਬਾਅ ਬਣਾਉਣ ਲਈ ਆਪਣੇ ਆਖਰੀ ਹਥਿਆਰ, ਵਿਜੀਲੈਂਸ ਬਿਊਰੋ ਦਾ ਸਹਾਰਾ ਲੈ ਕੇ ਸਿਆਸਤ ਕਰ ਰਹੀ ਹੈ। ਚਰਨਜੀਤ ਚੰਨੀ ਨੂੰ ਜਾਂਚ ਨਾਲੋਂ ਵੱਧ ਵੱਡੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਮਜ਼ਬੂਤੀ ਨਾਲ ਇਸ ਦਾ ਸਾਹਮਣਾ ਕਰਨਗੇ ਤੇ ਕਾਂਗਰਸ ਜਿੱਤ ਜਾਵੇਗੀ।
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕੀਤਾ ਤਲਬ:ਦੱਸ ਦਈਏ ਕਿ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਭੇਜਿਆ ਸੀ, ਜਿਸ ਕਾਰਨ ਉਹਨਾਂ ਨੇ ਵਿਜੀਲੈਂਸ ਅੱਗੇ ਪੇਸ਼ ਹੋਣਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਤੇ ਇਹ ਪਹਿਲੀ ਵਾਰ ਹੈ ਜਦੋਂ ਚੰਨੀ ਨੂੰ ਵਿਜੀਲੈਂਸ ਨੇ ਤਲਬ ਕੀਤਾ ਹੈ।
ਇਹ ਵੀ ਪੜੋ:Love horoscope : ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਸਮਾਜ ਵਿੱਚ ਮਿਲੇਗਾ ਪਿਆਰ 'ਤੇ ਸਨਮਾਨ
ਚੰਨੀ ਨੇ ਵਿਦੇਸ਼ ਜਾਣ ਦਾ ਪ੍ਰੋਗਰਾਮ ਕੀਤਾ ਰੱਦ: ਪਿਛਲੇ ਮਹੀਨੇ ਜਦੋਂ ਵਿਜੀਲੈਂਸ ਬਿਊਰੋ ਨੂੰ ਪਤਾ ਲੱਗਾ ਕਿ ਚਰਨਜੀਤ ਚੰਨੀ ਵਿਦੇਸ਼ ਜਾਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਬਿਊਰੋ ਨੇ 7 ਮਾਰਚ ਨੂੰ ਚੰਨੀ ਖ਼ਿਲਾਫ਼ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਚੰਨੀ ਨੇ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।