ਮੋਹਾਲੀ:ਸਿਆਸਤ ਦੇ ਦਿੱਗਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ। ਬਾਬਾ ਬਾਦਲ ਕਈ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ। ਡਾਕਟਰ ਉਨ੍ਹਾਂ ਉਤੇ ਸਖ਼ਤ ਨਿਗਰਾਨੀ ਰੱਖ ਰਹੇ ਸਨ। ਦੱਸ ਦੇਈਏ ਕਿ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੇ ਸਨ। ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਮ੍ਰਿਤਕ ਦੇਹ ਕੱਲ੍ਹ 10 ਵਜੇ ਉਹਨਾਂ ਦੇ ਪਿੰਡ ਲੰਬੀ ਵਿੱਚ ਰੱਖੀ ਜਾਵੇਗੀ। ਦੱਸ ਦੇਈਏ ਉਨ੍ਹਾਂ ਦਾ ਅੰਤਿਮ ਸਸਕਾਰ ਵੀਰਵਾਰ ਦੁਪਹਿਰ 1 ਵਜੇ ਕੀਤਾ ਜਾਵੇਗਾ।
ਫੋਰਟਿਸ ਹਸਪਤਾਲ ਮੋਹਾਲੀ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਅਪ੍ਰੈਲ 2023 ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਬ੍ਰੌਨਕਸੀਅਲ ਅਸਥਮਾ ਦੀ ਗੰਭੀਰ ਬਿਮਾਰੀ ਕਾਰਨ ਦਾਖਲ ਕਰਵਾਇਆ ਗਿਆ ਸੀ। 18 ਅਪ੍ਰੈਲ ਨੂੰ ਉਸ ਦੀ ਸਾਹ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਮੈਡੀਕਲ ਆਈਸੀਯੂ ਵਿੱਚ ਤਬਦੀਲ ਕੀਤਾ ਗਿਆ ਸੀ। ਉਹ ਡਾਕਟਰੀ ਪ੍ਰਬੰਧਨ ਦੇ ਨਾਲ-ਨਾਲ NIV ਅਤੇ HFNC ਸਹਾਇਤਾ 'ਤੇ ਸੀ। ਉਸ ਦਾ ਪ੍ਰਬੰਧਨ ਪ੍ਰੋ (ਡਾ.) ਦਿਗੰਬਰ ਬੇਹਰਾ ਦੇ ਨਾਲ ਪਲਮੋਨੋਲੋਜੀ ਅਤੇ ਕਾਰਡੀਓਲੋਜੀ ਦੁਆਰਾ ਸਹਿਯੋਗੀ ਗੰਭੀਰ ਦੇਖਭਾਲ ਟੀਮ ਦੇ ਨਾਲ ਕੀਤਾ ਜਾ ਰਿਹਾ ਸੀ। ਢੁਕਵੇਂ ਡਾਕਟਰੀ ਪ੍ਰਬੰਧਾਂ ਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਬੀਮਾਰੀ ਕਾਰਨ ਜਿੰਦਗੀ ਦੀ ਜੰਗ ਹਾਰੇ ਗਏ। ਫੋਰਟਿਸ ਹਸਪਤਾਲ ਮੋਹਾਲੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਟਵੀਟ: ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਕਾਲ ਚਲਾਣੇ ਤੇ ਬਹੁਤ ਦੁੱਖ ਹੋਇਆ। ਉਹ ਭਾਰਤੀ ਰਾਜਨੀਤੀ ਵਿੱਚ ਇੱਕ ਮਹਾਨ ਹਸਤੀ ਸੀ, ਅਤੇ ਇੱਕ ਕਮਾਲ ਦੇ ਰਾਜਨੇਤਾ ਸੀ ਜਿਸਨੇ ਸਾਡੇ ਦੇਸ਼ ਵਿੱਚ ਬਹੁਤ ਯੋਗਦਾਨ ਪਾਇਆ। ਉਨ੍ਹਾਂ ਪੰਜਾਬ ਦੀ ਤਰੱਕੀ ਲਈ ਅਣਥੱਕ ਮਿਹਨਤ ਕੀਤੀ ਅਤੇ ਔਖੇ ਸਮੇਂ ਵਿੱਚ ਸੂਬੇ ਦਾ ਸਾਥ ਦਿੱਤਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਦੁਖਦਾਈ ਖਬਰ ਮਿਲੀ...ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ 'ਚ ਥਾਂ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ...ਵਾਹਿਗੁਰੂ ਵਾਹਿਗੁਰੂ
ਪ੍ਰਨੀਤ ਕੌਰ ਨੇ ਕੀਤਾ ਦੁੱਖ ਪ੍ਰਗਟਾਵਾ:ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੀ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਮੇਰੀ ਦਿਲੀ ਸੰਵੇਦਨਾ ਅਤੇ ਦੁੱਖ ਦੀ ਘੜੀ ਵਿੱਚ ਪੂਰਾ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕਰਦੀ ਹਾ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ।
ਦੁਸ਼ਯੰਤ ਚੌਟਾਲਾ ਨੇ ਕੀਤਾ ਟਵੀਟ: ਰਾਜਨੀਤੀ ਦੇ ਪਿਤਾਮਾ, ਮਹਾਨ ਸੁਤੰਤਰਤਾ ਸੈਨਾਨੀ, ਮੇਰੇ ਪੜਦਾਦਾ ਜੀ ਦੇ ਮਿੱਤਰ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਤਿਕਾਰਯੋਗ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ 'ਤੇ ਅਸੀਂ ਬਹੁਤ ਦੁਖੀ ਹਾਂ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਸ ਨੇ ਹਮੇਸ਼ਾ ਸਾਡੇ ਪਰਿਵਾਰ 'ਤੇ ਆਪਣੀਆਂ ਪਿਆਰ ਭਰੀਆਂ ਅਸੀਸਾਂ ਦੀ ਵਰਖਾ ਕੀਤੀ। ਵਾਹਿਗੁਰੂ ਮਹਾਨ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਓਮ ਸ਼ਾਂਤੀ!
ਅਮਿਤ ਸ਼ਾਹ ਅਤੇ ਰਾਜਨਾਥ ਨੇ ਵੀ ਜਾਣਿਆ ਸੀ ਹਾਲ:ਹਸਪਤਾਲ ਨੇ ਕਿਹਾ ਸੀ ਕਿ ਜੇਕਰ ਅਗਲੇ ਕੁਝ ਦਿਨਾਂ ਵਿੱਚ ਸੀਨੀਅਰ ਅਕਾਲੀ ਆਗੂ ਦੀ ਸਿਹਤ ਵਿੱਚ ਹੌਲੀ-ਹੌਲੀ ਸੁਧਾਰ ਹੁੰਦਾ ਰਿਹਾ ਤਾਂ ਉਨ੍ਹਾਂ ਨੂੰ ਨਿੱਜੀ ਵਾਰਡ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ। ਪਿਛਲੇ ਹਫ਼ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਾਦਲ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਸੀ।
ਪਿਛਲੇ ਸਾਲ ਜੂਨ ਵਿੱਚ ਵੀ ਕੀਤੇ ਸਨ ਭਰਤੀ:ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਬਾਦਲ ਨੂੰ ਵੀ ‘ਗੈਸਟਰਾਈਟਸ’ ਅਤੇ ਸਾਹ ਲੈਣ ਵਿੱਚ ਤਕਲੀਫ਼ ਕਾਰਨ ਪਿਛਲੇ ਸਾਲ ਜੂਨ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਕੋਵਿਡ ਤੋਂ ਬਾਅਦ ਸਿਹਤ ਜਾਂਚ ਲਈ ਫਰਵਰੀ 2022 ਵਿੱਚ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਸੀ। ਬਾਦਲ ਪਿਛਲੇ ਸਾਲ ਜਨਵਰੀ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ ਅਤੇ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਸਿਆਸੀ ਕਰੀਅਰ: ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿੱਚ ਰਾਜਨੀਤੀ ਦੇ ਖੇਤਰ ਵਿੱਚ ਆਪਣੀ ਸ਼ੁਰੂਆਤ ਕੀਤੀ। ਪਰ, ਉਨ੍ਹਾਂ ਨੇ ਸਾਲ 1957 ਵਿਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ। 1969 ਵਿੱਚ ਉਹ ਮੁੜ ਵਿਧਾਨ ਸਭਾ ਚੋਣਾਂ ਜਿੱਤ ਗਏ। 1969-1970 ਤੱਕ, ਉਸਨੇ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਆਦਿ ਨਾਲ ਸਬੰਧਤ ਮੰਤਰਾਲਿਆਂ ਵਿੱਚ ਕਾਰਜਕਾਰੀ ਮੰਤਰੀ ਵਜੋਂ ਕੰਮ ਕੀਤਾ। ਪ੍ਰਕਾਸ਼ ਸਿੰਘ ਬਾਦਲ 1970-71, 1977-80, 1997-2002 ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ 1972, 1980 ਅਤੇ 2002 ਵਿਚ ਵਿਰੋਧੀ ਧਿਰ ਦੇ ਨੇਤਾ ਰਹੇ ਹਨ। ਉਹ ਮੋਰਾਰਜੀ ਦੇਸਾਈ ਦੇ ਸ਼ਾਸਨਕਾਲ ਦੌਰਾਨ ਸੰਸਦ ਮੈਂਬਰ ਵੀ ਬਣੇ।
ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰੀ ਮੰਤਰੀ ਵਜੋਂ ਖੇਤੀਬਾੜੀ ਅਤੇ ਸਿੰਚਾਈ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ 30ਵੇਂ ਮੁੱਖ ਮੰਤਰੀ ਸਨ। ਉਨ੍ਹਾਂ ਦਾ ਕਾਰਜਕਾਲ 1 ਮਾਰਚ 2007 ਤੋਂ 2017 ਤੱਕ ਰਿਹਾ ਹੈ।ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਸਿੱਖੀ 'ਤੇ ਆਧਾਰਿਤ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਰਾਖੀ ਅਤੇ ਉਨ੍ਹਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਲਈ ਆਪਣੀ ਜ਼ਿੰਦਗੀ ਦੇ ਤਕਰੀਬਨ ਸਤਾਰਾਂ ਸਾਲ ਜੇਲ੍ਹਾਂ ਵਿਚ ਕੱਟੇ ਹਨ।
ਇਹ ਵੀ ਪੜ੍ਹੋ:Amritpal Singh: ਹੁਣ ਕੇਂਦਰ ਸਰਕਾਰ ਫਰੋਲ ਰਹੀ ਅੰਮ੍ਰਿਤਪਾਲ ਸਿੰਘ ਦੀਆਂ ਫਾਇਲਾਂ, ਸੂਬਾ ਸਰਕਾਰ ਨੂੰ ਪੁੱਛਿਆ-ਕਿਨ੍ਹਾਂ ਨੇ ਦਿੱਤੀ ਅੰਮ੍ਰਿਤਪਾਲ ਨੂੰ ਪਨਾਹ? ਰਿਪੋਰਟ ਮੰਗੀ