ਚੰਡੀਗੜ੍ਹ: ਪੰਜਾਬ ਵਿੱਚ ਸੜਕੀ ਹਾਦਸਿਆ ਦੌਰਾਨ ਹਰ ਰੋਜ਼ 14 ਤੋਂ ਜ਼ਿਆਦਾ ਮੌਤਾਂ ਹੁੰਦੀਆਂ ਹਨ ਇਸ ਗੱਲ ਦਾ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਹਨਾਂ ਸੜਕੀ ਹਾਦਸਿਆਂ ਨੂੰ ਨੱਥ ਪਾਉਣ ਲਈ ਸਰਕਾਰ ਸੜਕ ਸੁਰੱਖਿਆ ਫੋਰਸ ਦਾ ਗਠਨ ਕਰੇਗੀ। ਜਿਸ ਦੀ ਮਦਦ ਨਾਲ ਸੜਕ ਹਾਦਸਿਆਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਸੜਕ ਦੁਰਘਟਨਾ ਦੌਰਾਨ ਹੋ ਰਹੀਆਂ ਮੌਤਾਂ ਤੋਂ ਬਚਾਅ ਕੀਤਾ ਜਾ ਸਕੇਗਾ। ਸੜਕ ਸੁਰੱਖਿਆ ਫੋਰਸ ਸੜਕ 'ਤੇ ਚੱਲਣ ਵਾਲੀ ਆਵਾਜਾਈ ਦਾ ਧਿਆਨ, ਬੇਕਾਬੂ ਡਰਾਈਵਿੰਗ ਦੀ ਜਾਂਚ ਅਤੇ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਦਾ ਕੰਮ ਕਰੇਗੀ।
ਸੜਕ ਸੁਰੱਖਿਆ ਫੋਰਸ ਕਿਵੇਂ ਕਰੇਗੀ ਕੰਮ ?: ਸੜਕ ਸੁਰੱਖਿਆ ਫੋਰਸ ਦਾ ਸਭ ਤੋਂ ਵੱਡਾ ਕੰਮ ਸੜਕੀ ਸੁਰੱਖਿਆ ਵੱਲ ਧਿਆਨ ਦੇਣ ਦਾ ਹੈ। ਸੜਕੀ ਸੁਰੱਖਿਆ ਯਕੀਨੀ ਬਣਾਉਣ ਲਈ ਫੋਰਸ ਨੂੰ ਆਧੁਨਿਕ ਉਪਕਰਨਾ ਨਾਲ ਲੈਸ ਕੀਤਾ ਜਾਵੇਗਾ। ਪੈਟਰੋਲਿੰਗ ਪੁਲਿਸ ਵਾਂਗ ਸੁਰੱਖਿਆ ਫੋਰਸ ਨੂੰ ਗੱਡੀਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ ਜਿਹਨਾਂ ਦਾ ਰੰਗ ਅਲੱਗ ਹੋਵੇਗਾ। ਜਿਸ ਤੋਂ ਸੜਕੀ ਸੁਰੱਖਿਆ ਫੋਰਸ ਦੀ ਪਛਾਣ ਕੀਤੀ ਜਾ ਸਕਦੀ ਹੈ। ਸੁਰੱਖਿਆ ਫੋਰਸ ਕੋਲ ਅਧਿਕਾਰ ਹੋਵੇਗਾ ਕਿ ਟਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਵੀ ਸੜਕੀ ਸੁਰੱਖਿਆ ਫੋਰਸ ਦਾ ਅਧਿਕਾਰ ਖੇਤਰ ਹੋਵੇਗਾ।
ਹਰ ਰੋਜ਼ 14 ਤੋਂ ਜ਼ਿਆਦਾ ਲੋਕਾਂ ਦੀ ਸੜਕ ਦੁਰਘਟਨਾ 'ਚ ਹੁੰਦੀ ਮੌਤ: ਕੇਂਦਰੀ ਸੜਕੀ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਸੀਐਮ ਭਗਵੰਤ ਮਾਨ ਨੇ ਇਹ ਖੁਲਾਸਾ ਕੀਤਾ ਹੈ ਕਿ ਹਰ ਰੋਜ਼ 14 ਤੋਂ ਜ਼ਿਆਦਾ ਮੌਤਾਂ ਪੰਜਾਬ ਵਿੱਚ ਸੜਕ ਦੁਰਘਟਨਾਵਾਂ ਨਾਲ ਹੁੰਦੀਆਂ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸਾਲ 2021 ਦਰਮਿਆਨ ਸੜਕ ਹਾਦਸਿਆਂ ਵਿੱਚ 4589 ਲੋਕਾਂ ਦੀ ਜਾਨ ਗਈ। ਟ੍ਰੈਫਿਕ ਪੁਲਿਸ ਪੰਜਾਬ ਦੀ ਅਧਿਕਾਰਿਤ ਵੈਬਸਾਈਟ ਦੇ ਅੰਕੜਿਆਂ ਅਨੁਸਾਰ ਸਾਲ 2021 ਵਿਚ ਪੰਜਾਬ 'ਚ ਹੋਣ ਵਾਲੇ ਸੜਕੀ ਹਾਦਸਿਆਂ ਦਾ 17.7 ਪ੍ਰਤੀਸ਼ਤ ਵਾਧਾ ਹੋਇਆ ਹੈ। ਸਾਲ 2019 'ਚ ਐਕਸੀਡੈਂਟ ਨਾਲ ਪੰਜਾਬ 'ਚ 3898 ਮੌਤਾਂ ਹੋਈਆਂ ਅਤੇ 2020 'ਚ 4525 ਮੌਤਾਂ ਰਿਕਾਰਡ ਕੀਤੀਆਂ ਗਈਆਂ। ਇਸ ਸਾਲ ਕੁੱਲ 5871 ਐਕਸੀਡੈਂਟ ਹੋਏ ਅਤੇ 2032 ਲੋਕ ਬੁਰੀ ਤਰ੍ਹਾਂ ਫੱਟੜ ਹੋਏ। ਹਾਲਾਂਕਿ ਸਰਕਾਰ ਦਾ ਦਾਅਵਾ ਹੈ ਕਿ ਪਿਛਲੇ ਕੁੱਝ ਸਾਲਾਂ ਦੇ ਮੁਕਾਬਲੇ ਪੰਜਾਬ ਵਿਚ ਸੜਕੀ ਹਾਦਸਿਆਂ ਦੀ 35 ਪ੍ਰਤੀਸ਼ਤ ਕਮੀ ਆਈ ਹੈ। ਸਰਕਾਰ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨਾਲ ਮਿਲਕੇ 239 ਬਲੈਕ ਸਪਾਟਸ ਦੀ ਪਛਾਣ ਵੀ ਕੀਤੀ ਹੈ। ਇਨ੍ਹਾਂ ਵਿੱਚੋਂ 124 ਬਲੈਕ ਸਪਾਟਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ।