ਚੰਡੀਗੜ੍ਹ ਡੈਸਕ: ਸੂਬਾ ਸਰਕਾਰ ਵੱਲੋਂ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਜਾਣਕਾਰੀ ਮੁਤਾਬਿਕ ਡੈਮ ਦੇ 5 ਗੇਟ ਖੋਲ੍ਹ ਦਿੱਤੇ ਗਏ ਹਨ ਅਤੇ ਇਨ੍ਹਾਂ ਗੇਟਾਂ ਰਾਹੀਂ 22 ਹਜਾਰ 700 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਆ ਰਹੀ ਹੈ ਕਿ ਇਹ ਪਾਣੀ ਬਿਆਸ ਵਿੱਚ ਪਾਇਆ ਜਾਵੇਗਾ ਅਤੇ ਇਸ ਨਾਲ ਬਿਆਸ ਦੇ ਨਾਲ ਲੱਗਦੇ ਇਲਾਕਿਆਂ ਲਈ ਪਰੇਸ਼ਾਨੀ ਹੋ ਸਕਦੀ ਹੈ। ਕਿਉਂਕਿ ਬਿਆਸ ਦੇ ਪਾਣੀ ਦਾ ਪੱਧਰ ਵੀ ਵਧ ਸਕਦਾ ਹੈ। ਦੂਜੇ ਪਾਸੇ ਲੋਕਾਂ ਨੂੰ ਇਸ ਸਬੰਧੀ ਅਲਰਟ ਵੀ ਕਰ ਦਿੱਤਾ ਗਿਆ ਹੈ।
ਘਬਰਾਉਣ ਦੀ ਲੋੜ ਨਹੀਂ :ਜਾਣਕਾਰੀ ਮੁਤਾਬਿਕ ਪੰਜਾਬ ਦੇ ਮਾਝੇ ਇਲਾਕੇ ਵਿੱਚ ਇਸ ਵੇਲੇ ਹਾਲਾਤ ਚਿੰਤਾ ਵਾਲੇ ਹਨ। ਇਸ ਤੋਂ ਇਲਾਵਾ ਪਠਾਨਕੋਟ ਲਾਗੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਵੀ ਆਪਣੇ ਖ਼ਤਰੇ ਦੇ ਨਿਸ਼ਾਨ ਤੋਂ 4 ਮੀਟਰ ਨੀਚੇ ਵਗ ਰਿਹਾ ਹੈ। ਹਾਲਾਂਕਿ ਕਿ ਡੈਮ ਦਾ ਪਾਣੀ ਵੀ 523 ਮੀਟਰ ਤੱਕ ਪਹੁੰਚ ਗਿਆ ਹੈ। ਜਦੋਂ ਕਿ ਇਹ ਖਤਰੇ ਦਾ ਨਿਸ਼ਾਨ 527 ਮੀਟਰ ਲਾਗੇ ਹੁੰਦਾ ਹੈ। ਇਸ ਲਈ ਇਸ ਡੈਮ ਦੇ ਵੀ ਫਲੱਡ ਗੇਟ ਖੋਲ੍ਹਣ ਦੀ ਜਰੂਰਤ ਪੈ ਸਕਦੀ ਹੈ। ਦੂਜੇ ਪਾਸੇ ਪੌਂਗ ਡੈਮ ਵੱਲੋਂ ਪਾਣੀ ਛੱਡਣ ਨੂੰ ਘਬਰਾ ਕੇ ਦੇਖਣ ਦੀ ਲੋੜ ਨਹੀਂ ਹੈ। ਪੌਂਗ ਡੈਮ ਤੋਂ ਟਰਬਾਈਨਾਂ ਰਾਹੀਂ 18,000 ਕਿਊਸਿਕ ਪਾਣੀ ਪਹਿਲਾਂ ਹੀ ਬਾਹਰ ਕੀਤਾ ਚੁੱਕਿਆ ਸੀ ਅਤੇ ਫਿਲਹਾਲ ਫਲੱਡ ਗੇਟ ਤੋਂ ਸਿਰਫ 5000 ਕਿਊਸਿਕ ਪਾਣੀ ਹੀ ਗੇਟਾਂ ਰਾਹੀਂ ਰਵਾਨਾਂ ਕੀਤਾ ਜਾ ਰਿਹਾ ਹੈ। ਇਹ ਵੀ ਆਲੇ-ਦੁਆਲੇ ਦੀਆਂ ਨਹਿਰਾਂ ਵਿੱਚ ਵੀ ਪਾਇਆ ਜਾ ਰਿਹਾ ਹੈ। ਇਸ ਨਾਲ ਆਸ ਹੈ ਕਿ ਬਿਆਸ ਵਿੱਚ ਪਾਣੀ ਦੀ ਸਥਿਤੀ ਕੰਟਰੋਲ ਅੰਦਰ ਹੀ ਰਹੇਗੀ।