ਮੋਹਾਲੀ:ਪੁਲਿਸ ਨੇ ਇੰਟਰਨੈਸ਼ਨਲ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 2 ਕਰੋੜ 13 ਲੱਖ ਰੁਪਏ ਅਤੇ 64 ਤੋਲੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਵਿੱਚ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਡਾਕਟਰ ਸੰਦੀਪ ਕੁਮਾਰ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਕੁੱਝ ਵਿਅਕਤੀ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਭੋਲੇ ਭਾਲੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਹਨਾ ਨੂੰ ਇੰਡੋਨੇਸ਼ੀਆ ਅਤੇ ਸਿੰਘਾਪੁਰ ਵਿਖੇ ਕਿਡਨੈਪ ਕਰਕੇ ਤਸ਼ੱਦਦ ਢਾਹ ਕੇ ਸ਼ਰੀਰਕ ਸ਼ੋਸ਼ਣ ਕਰਦੇ ਸਨ।
ਇਹ ਮੁਲਜ਼ਮ ਹੋਏ ਕਾਬੂ:ਉਨ੍ਹਾਂ ਕਿਹਾ ਕਿ ਇਹ ਮੁਲਜ਼ਮ ਗੰਨ ਪੁਆਇੰਟ ਉੱਤੇ ਡਰਾ-ਧਮਕਾ ਕੇ ਵਿਅਕਤੀਆਂ ਪਾਸੋਂ ਘਰਦਿਆਂ ਨੂੰ ਫੋਨ ਕਰਵਾ ਕੇ ਫਿਰੌਤੀ ਦੀ ਮੰਗ ਕਰਦੇ ਹਨ, ਜਿਸ ਸਬੰਧੀ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵਲੋਂ ਜਾਂਚ ਕੀਤੀ ਗਈ ਤਾਂ ਬਲਦੀਸ਼ ਕੌਰ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਰਾਊਵਾਲੀ ਥਾਣਾ ਮਕਸੂਦਾ ਜ਼ਿਲ੍ਹਾ ਜਲੰਧਰ, ਗੁਰਜੀਤ ਸਿੰਘ ਉਰਫ ਮੰਗਾ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਮੱਲੀਆ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ, ਸਾਹਿਲ ਪੁੱਤਰ ਸਰਦਾਰੀ ਲਾਲ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ, ਸੋਮ ਰਾਜ ਪੁੱਤਰ ਸਰੀਫ ਮਸੀਹ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ, ਵੀਨਾ ਪਤਨੀ ਸੰਨੀ ਕੁਮਾਰ ਵਾਸੀ ਸਲੇਰੀਆ ਖੁਰਦ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ।