ਚੰਡੀਗੜ੍ਹ:ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਪੰਜਾਬ ਚੋਣਾਂ (Punjab Elections) ਵਿੱਚ ਉਤਰੀਆਂ ਕਿਸਾਨ ਜਥੇਬੰਦੀਆਂ (Farmers organizations) ਦੇ ਸਾਂਝੇ ਮੋਰਚੇ ਨੇ ਬੁੱਧਵਾਰ ਨੂੰ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਗੱਲ ਦਾ ਐਲਾਨ ਰੁਲਦੂ ਸਿੰਘ ਮਾਨਸਾ (Ruldu Singh Mansa) , ਡਾ.ਸਵੈਮਨ ਸਿੰਘ (Dr. Swaiman Singh) ਅਤੇ ਹੋਰ ਆਗੂਆਂ ਨੇ ਲੁਧਿਆਣਾ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ (Press conference) ਦੌਰਾਨ ਕੀਤਾ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸਾਨਾਂ ਨੇ ਆਪਣੀ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸਿਰਫ਼ ਕਿਸਾਨ ਹੀ ਨਹੀਂ ਸਮਾਜ ਦੇ ਚੰਗੇ ਲੋਕਾਂ ਨੂੰ ਵੀ ਟਿਕਟ ਦੇਵਾਂਗੇ। 22 ਕਿਸਾਨ ਜਥੇਬੰਦੀਆਂ ਮਿਲ ਕੇ ਚੋਣਾਂ ਲੜ ਰਹੀਆਂ ਹਨ।
ਪਹਿਲੀ ਸੂਚੀ ਵਿੱਚ ਇਹ ਨਾਂ ਹਨ ਸ਼ਾਮਿਲ...
1. ਬਲਵੀਰ ਸਿੰਘ ਰਾਜੇਵਾਲ- ਸਮਰਾਲਾ
2. ਐਡਵੋਕੇਟ ਪ੍ਰੇਮ ਸਿੰਘ ਭੰਗੂ - ਘਨੌਰ
3. ਹਰਜਿੰਦਰ ਸਿੰਘ ਟਾਂਡਾ - ਖਡੂਰ ਸਾਹਿਬ
4. ਰਵਨੀਤ ਸਿੰਘ ਬਰਾੜ - ਮੋਹਾਲੀ
5. ਡਾ. ਸੁਖਮਨਦੀਪ ਸਿੰਘ - ਤਰਨਤਾਰਨ
6. ਰਾਜੇਸ਼ ਕੁਮਾਰ - ਕਰਤਾਰਪੁਰ
7. ਰਮਨਦੀਪ ਸਿੰਘ - ਜੈਤੋ
8. ਅਜੇ ਕੁਮਾਰ - ਫਿਲੌਰ
9. ਬਲਰਾਜ ਸਿੰਘ ਠਾਕੁਰ - ਕਾਦੀਆਂ
10. ਨਵਦੀਪ ਸੰਘਾ - ਮੋਗਾ
ਆਰਥਿਕਤਾ ਸਮਾਜਿਕ ਮੁੱਦਿਆਂ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਉਤਰਨਗੇ ਲੋਕਾਂ ਦੀ ਕਚਹਿਰੀ 'ਚ
ਕਿਸਾਨਾਂ ਵੱਲੋਂ ਐਲਾਨੀ ਗਈ ਆਪਣੀ ਸੂਚੀ ਦੇ ਵਿੱਚ ਸਭ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਤੋਂ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦੂਜੀ ਸੂਚੀ ਜਾਰੀ ਹੁੰਦਿਆਂ ਹੀ ਉਨ੍ਹਾਂ ਵੱਲੋਂ ਮੈਨੀਫੈਸਟੋ ਵੀ ਲਿਆਂਦਾ ਜਾਵੇਗਾ, ਜਿਸ ਵਿਚ ਆਰਥਿਕਤਾ ਸਮਾਜਿਕ ਮੁੱਦਿਆਂ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਉਹ ਲੋਕਾਂ ਦੀ ਕਚਹਿਰੀ ਵਿੱਚ ਉਤਰਨਗੇ।
ਕਿਸਾਨਾਂ ਦੇ ਨਾਲ-ਨਾਲ ਸਮਾਜ ਦੇ ਚੰਗੇ ਵਰਗਾਂ ਨੂੰ ਦਿੱਤੀਆਂ ਗਈਆਂ ਹਨ ਟਿਕਟਾਂ
ਕਿਸਾਨਾਂ ਨੇ ਜਾਰੀ ਕੀਤੀ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਕਿਸਾਨਾਂ ਨੇ ਕਿਹਾ ਕਿ ਜਿਹੜੀਆਂ ਸੀਟਾਂ ਐਲਾਨੀਆਂ ਗਈਆਂ ਹਨ, ਉਨ੍ਹਾਂ ਵਿੱਚ ਤਿੰਨ ਉਮੀਦਵਾਰ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਸੰਬੰਧਤ ਹਨ, ਜਦੋਂਕਿ ਬਾਕੀ ਸਮਾਜ ਦੇ ਚੰਗੇ ਵਰਗਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਕਿਸੇ ਵੀ ਪਾਰਟੀ ਨਾਲ ਨਹੀਂ ਕੋਈ ਗਠਜੋੜ
ਉੱਥੇ ਹੀ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਦੀ ਗੱਲ ਨੂੰ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਜ਼ਰੂਰ ਚੱਲ ਰਹੀ ਸੀ ਪਰ ਆਮ ਆਦਮੀ ਪਾਰਟੀ ਤੋਂ ਅਸੀਂ ਪੰਜਾਬ ਦੇ ਅੰਦਰ 60 ਫੀਸਦੀ ਟਿਕਟਾਂ ਦੀ ਗੱਲ ਕੀਤੀ ਸੀ, ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਦੇ ਚੋਣ ਨਿਸ਼ਾਨ 'ਤੇ ਪੰਜਾਬ ਦੇ ਅੰਦਰ ਚੋਣਾਂ ਲੜਨ ਪਰ ਜੋ ਕਿਸਾਨ ਜਥੇਬੰਦੀਆਂ ਨੂੰ ਮਨਜ਼ੂਰ ਨਹੀਂ ਸੀ।
ਪੂੰਜੀਪਤੀਆਂ ਦੇ ਹੱਥਾਂ ਵਿੱਚ ਵਿਕੀਆਂ ਹੋਈਆਂ ਹਨ ਸਾਰੀਆਂ ਪਾਰਟੀਆਂ
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਅਸੀਂ ਗੱਠਜੋੜ ਨਹੀਂ ਕਰਾਂਗੇ। ਕਿਸਾਨ ਜਥੇਬੰਦੀਆਂ ਸਾਰੀਆਂ ਸੀਟਾਂ ਤੋਂ ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ। ਕਿਸਾਨਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਹੀ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦਾ ਨੁਕਸਾਨ ਕੀਤਾ ਹੈ। ਉਹ ਪੂੰਜੀਪਤੀਆਂ ਦੇ ਹੱਥਾਂ ਵਿੱਚ ਵਿਕੀਆਂ ਹੋਈਆਂ ਹਨ। ਜਿਸ ਕਰਕੇ ਕਿਸਾਨਾਂ ਨੇ ਕਿਹਾ ਕਿ ਉਹ ਸਾਰੀਆਂ ਸੀਟਾਂ 'ਤੇ ਆਪਣੇ ਹੀ ਉਮੀਦਵਾਰ ਖੜ੍ਹੇ ਕਰਨਗੀਆਂ ਅਤੇ ਆਪਣਾ ਵੱਖਰਾ ਮੈਨੀਫੈਸਟੋ ਵੀ ਜਾਰੀ ਕਰਨਗੀਆਂ। ਜੋ ਸਮਾਜ ਦੇ ਹੱਕ ਵਿੱਚ ਹੋਵੇਗਾ।
ਗੁਰਨਾਮ ਸਿੰਘ ਚੜੂਨੀ ਨੇ ਪਿਛਲੇ ਮਹੀਨੇ ਕੀਤਾ ਸੀ ਐਲਾਨ
ਤੁਹਾਨੂੰ ਦੱਸ ਦੇਈਏ ਕਿ ਗੁਰਨਾਮ ਸਿੰਘ ਚੜੂਨੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (punjab assembly elections) ਵਿੱਚ ਸਾਰੀਆਂ 117 ਸੀਟਾਂ 'ਤੇ ਚੋਣ ਲੜਨਗੇ।
ਭਾਰਤੀ ਕਿਸਾਨ ਯੂਨੀਅਨ ਦੇ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਚੋਣਾਂ ਪੂਰੇ ਜੋਸ਼ ਨਾਲ ਲੜੇਗੀ। ਉਨ੍ਹਾਂ ਕਿਹਾ ਕਿ ਸਾਂਝਾ ਸੰਘਰਸ਼ ਪਾਰਟੀ 2022 ਦੀਆਂ ਪੰਜਾਬ ਚੋਣਾਂ ਸਾਰੀਆਂ ਸੀਟਾਂ 'ਤੇ ਲੜੇਗੀ। ਇਸ ਦੇ ਲਈ ਐਤਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:ਕੇਜਰੀਵਾਲ ਨੇ ਪੰਜਾਬੀਆਂ ਨਾਲ ਕੀਤੇ ਇਹ ਅਹਿਮ ਵਾਅਦੇ, ਸਾਹਮਣੇ ਰੱਖੇ 10 ਏਜੰਡੇ