ਚੰਡੀਗੜ੍ਹ : ਗੰਨਾ ਉਤਪਾਦਕਾਂ ਅਤੇ ਨਿੱਜੀ ਖੰਡ ਮਿੱਲਾਂ ਨੂੰ ਲੋੜੀਂਦੀ ਰਾਹਤ ਮੁਹੱਈਆ ਕਰਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਮੁਹੱਈਆ ਕਰਾਉਣ ਲਈ ਕਾਰਜਬਾਦ ਪ੍ਰਵਾਨਗੀ ਦੇ ਦਿੱਤੀ ਹੈ ਜੋ ਸਿੱਧੇ ਤੌਰ ’ਤੇ ਗੰਨਾ ਉਤਪਾਦਕਾਂ (ਕਿਸਾਨਾਂ) ਦੇ ਖਾਤੇ ਵਿੱਚ ਜਾਵੇਗੀ। ਕੁਲ 310 ਰੁਪਏ ਪ੍ਰਤੀ ਕੁਇੰਟਲ ਸਟੇਟ ਐਗਿ੍ਰਡ ਪ੍ਰਾਈਸ (ਐਸ.ਏ.ਪੀ.) ਵਿੱਚੋਂ ਬਾਕੀ ਬਚਦੇ 285 ਰੁਪਏ ਪ੍ਰਤੀ ਕੁਇੰਟਲ ਨਿੱਜੀ ਖੰਡ ਮਿੱਲਾਂ ਵੱਲੋਂ ਪਿੜਾਈ ਸੀਜ਼ਨ 2018-19 ਵਾਸਤੇ ਅਦਾ ਕੀਤੇ ਜਾਣਗੇ।
ਗੰਨਾ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਮੁਹੱਈਆ ਕਰਾਉਣ ਲਈ ਪ੍ਰਵਾਨਗੀ - ਗੰਨਾ ਕਿਸਾਨਾਂ
ਪੰਜਾਬ ਕੈਬਨਿਟ ਦਾ ਵੱਡਾ ਫੈਸਲਾ ,ਗੰਨਾ ਕਿਸਾਨਾਂ ਨੂੰ ਮਿਲੇਗੀ ਸਬਸਿਡੀ,ਗੰਨਾ ਕਿਸਾਨਾਂ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਨੂੰ ਮਨਜ਼ੂਰੀ, ਕਿਸਾਨਾਂ ਦੇ ਖਾਤਿਆਂ ਦੇ ’ਚ ਸਿੱਧੀ ਜਾਵੇਗੀ ਸਬਸਿਡੀ, ਕਿਸਾਨਾਂ ਨੂੰ 285 ਰੁਪਏ ਗੰਨਾ ਮਿੱਲਾਂ ਵੱਲੋਂ ਦਿੱਤੇ ਜਾਣਗੇ
ਇਸ ਦਾ ਉਦੇਸ਼ ਪਿੜਾਈ ਸੀਜ਼ਨ 2018-19 ਵਾਸਤੇ ਕਿਸਾਨਾਂ ਨੂੰ ਗੰਨੇ ਦਾ ਸਮੇਂ ਸਿਰ ਭੁਗਤਾਨ ਅਤੇ ਮਿੱਲਾਂ ਦੀ ਆਰਥਿਕ ਵਿਹਾਰਕਤਾ ਨੂੰ ਯਕੀਨੀ ਬਣਾਉਣਾ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ 5 ਦਸੰਬਰ, 2018 ਨੂੰ ਹੋਈ ਇਕ ਮੀਟਿੰਗ ਵਿੱਚ ਲਏ ਗਏ ਫੈਸਲੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਗੌਰਤਲਬ ਹੈ ਕਿ ਪਿੜਾਈ ਸੀਜ਼ਨ 2018-19 ਦੇ ਵਾਸਤੇ ਸਰਕਾਰ ਨੇ ਪਿੜਾਈ ਮਿੱਲਾਂ ਨੂੰ 15 ਨਵੰਬਰ, 2018 ਤੋਂ ਚਲਾਉਣ ਲਈ ਫੈਸਲਾ ਕੀਤਾ ਸੀ। ਇਸ ਦੇ ਅਨੁਸਾਰ ਸਹਿਕਾਰੀ ਖੰਡ ਮਿੱਲਾਂ ਵੱਲੋਂ ਪਿੜਾਈ ਸ਼ੁਰੂ ਕੀਤੀ ਗਈ ਸੀ ਪਰ ਕਿਸੇ ਵੀ ਨਿੱਜੀ ਖੰਡ ਮਿੱਲ ਨੇ ਨਿਰਧਾਰਤ ਸਮੇਂ ਤੱਕ ਆਪਣੇ-ਆਪਣੇ ਰਾਖਵੇਂ ਖੇਤਰ ਵਿੱਚ ਅਨੁਮਾਨ/ਸਰਵੇ/ਪਿੜਾਈ ਦੀ ਪ੍ਰਕਿਰਿਆ ਸ਼ੁਰੂ ਨਾ ਕੀਤੀ। ਇਨਾਂ ਮਿੱਲਾਂ ਦੇ ਮਾਲਕ ਗੰਨੇ ਦੀ ਖਰੀਦ ਭਾਰਤ ਸਰਕਾਰ ਵੱਲੋਂ ਨਿਰਧਾਰਤ ਵਾਜ਼ਿਬ ਅਤੇ ਲਾਹੇਵੰਦ ਭਾਅ (ਐਫ.ਆਰ.ਪੀ.) 275 ਰੁਪਏ ਪ੍ਰਤੀ ਕੁਇੰਟਲ ਦੇ ਅਨੁਸਾਰ ਕਰਨਾ ਚਾਹੁੰਦੇ ਸਨ। ਜਦਕਿ, ਸੂਬਾ ਸਰਕਾਰ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਐਸ.ਏ.ਪੀ. ਦੇ ਆਧਾਰ ’ਤੇ ਅਗੇਤੀ, ਦਰਮਿਆਨੀ, ਅਤੇ ਪਛੇਤੀ ਕਿਸਮ ਲਈ ਕ੍ਰਮਵਾਰ 310 ਰੁਪਏ, 300 ਰੁਪਏ ਅਤੇ 295 ਰੁਪਏ ਪ੍ਰਤੀ ਕੁਇੰਟਲ ਭਾਅ ਨਿਰਧਾਰਤ ਕੀਤਾ ਸੀ। ਨਿੱਜੀ ਖੰਡ ਮਿੱਲਾਂ ਵੱਲੋਂ ਅਪਣਾਏ ਗਏ ਰੁਖ ਦੇ ਕਾਰਨ ਗੰਨਾ ਉਤਪਾਦਕਾਂ ਵਿੱਚ ਰੋਸ ਸੀ ਜਿਨਾਂ ਨੇ ਸੂਬੇ ਭਰ ਵਿੱਚ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਸਨ।