ਪੰਜਾਬ

punjab

ETV Bharat / state

ਬਾਦਲਾਂ ਨੇ ਹਮੇਸ਼ਾ ਪੰਜਾਬੀਆਂ ਨਾਲ ਧੋਖਾ ਕੀਤਾ: ਭਗਵੰਤ ਮਾਨ - ਹਰਸਿਮਰਤ ਬਾਦਲ

ਯੂਪੀ ਦੀ ਸਰਕਾਰ ਵੱਲੋਂ ਤਰਾਈ ਖੇਤਰ ਦੇ ਹਜ਼ਾਰਾਂ ਪੰਜਾਬੀ ਕਿਸਾਨ ਪਰਿਵਾਰਾਂ ਨੂੰ ਧੱਕੇ ਨਾਲ ਉਜਾੜੇ ਜਾਣ ਦੀਆਂ ਕਾਰਵਾਈਆਂ ਦਾ ਸਖ਼ਤ ਵਿਰੋਧ ਕਰਦਿਆਂ ਭਗਵੰਤ ਮਾਨ ਨੇ ਕਿਹਾ ਪੰਜਾਬ ਦੇ ਆਗੂਆਂ ਨੂੰ ਉਜਾੜਾ ਬਚਾਉਣ ਲਈ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਨ੍ਹਾਂ ਕਿਸਾਨਾਂ ਨਾਲ ਡਟਣ ਚਾਹੀਦਾ ਹੈ।

ਭਗਵੰਤ ਮਾਨ
ਭਗਵੰਤ ਮਾਨ

By

Published : Jun 15, 2020, 7:45 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਤਰਾਈ ਖੇਤਰ ਦੇ ਹਜ਼ਾਰਾਂ ਪੰਜਾਬੀ ਕਿਸਾਨ ਪਰਿਵਾਰਾਂ ਨੂੰ ਧੱਕੇ ਨਾਲ ਉਜਾੜੇ ਜਾਣ ਦੀਆਂ ਕਾਰਵਾਈਆਂ ਦਾ ਸਖ਼ਤ ਵਿਰੋਧ ਕਰਦੇ ਹੋਏ ਪੰਜਾਬ ਨਾਲ ਸੰਬੰਧਿਤ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਸੋਮ ਪ੍ਰਕਾਸ਼ ਅਤੇ ਹਰਦੀਪ ਸਿੰਘ ਪੁਰੀ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ, ''ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਯੂਪੀ ਦੇ ਤਰਾਈ ਇਲਾਕੇ 'ਚ ਪਿਛਲੇ 70 ਸਾਲਾਂ ਤੋਂ ਵੱਸਦੇ ਹਜ਼ਾਰਾਂ ਪੰਜਾਬੀ ਸਿੱਖ ਕਿਸਾਨਾਂ ਨੂੰ ਉਸੇ ਸਰਕਾਰੀ ਗੁੰਡਾਗਰਦੀ ਰਾਹੀਂ ਉਜਾੜਿਆ ਜਾ ਰਿਹਾ ਹੈ , ਜਿਵੇਂ ਗੁਜਰਾਤ ਦੀ ਭਾਜਪਾ ਸਰਕਾਰ ਨੇ ਕੱਛ ਇਲਾਕੇ 'ਚ ਵੱਸਦੇ ਪੰਜਾਬੀ ਕਿਸਾਨਾਂ ਨੂੰ ਉਜਾੜਿਆ ਸੀ, ਪਰੰਤੂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਜੀਰੀਆਂ ਭੋਗ ਰਹੇ ਸਾਡੇ ਪੰਜਾਬ ਦੇ ਮੰਤਰੀ ਤਮਾਸ਼ਬੀਨ ਬਣੇ ਹੋਏ ਹਨ।''

ਭਗਵੰਤ ਮਾਨ ਨੇ ਹਰਸਿਮਰਤ ਬਾਦਲ ਦੇ ਹਵਾਲੇ ਨਾਲ ਬਾਦਲ ਪਰਿਵਾਰ ਕੋਲੋਂ ਸਪਸ਼ਟੀਕਰਨ ਮੰਗਿਆ ਕਿ ਅਕਾਲੀ ਦਲ ਦਾ ਭਾਜਪਾ ਨਾਲ ਸਿਆਸੀ ਗੱਠਜੋੜ ਕਿਹੜੇ ਅਸੂਲਾਂ-ਸਿਧਾਂਤਾਂ ਦੇ ਆਧਾਰ 'ਤੇ ਟਿਕਿਆ ਹੋਇਆ ਹੈ? ਕੀ ਬਾਦਲ ਪਰਿਵਾਰ ਲਈ ਸਿਰਫ਼ ਹਰਸਿਮਰਤ ਬਾਦਲ ਦੀ ਵਜ਼ੀਰੀ ਹੀ ਸਭ ਕੁੱਝ ਹੈ? ਜਿਹੜੇ ਪੰਜਾਬੀਆਂ ਨੇ ਬਾਦਲ ਪਰਿਵਾਰ ਨੂੰ 5 ਵਾਰ ਮੁੱਖ ਮੰਤਰੀ ਅਨੇਕਾਂ ਅੰਨ੍ਹੀਆਂ ਤਾਕਤਾਂ ਨਾਲ ਨਿਵਾਜਿਆ, ਉਨ੍ਹਾਂ ਪੰਜਾਬੀਆਂ ਪ੍ਰਤੀ ਇਹ ਪਰਿਵਾਰ ਐਨਾ ਅਹਿਸਾਨ ਫ਼ਰਾਮੋਸ਼ ਕਿਉਂ ਹੈ ਕਿ ਕੇਂਦਰ ਅਤੇ ਸੂਬਿਆਂ ਦੀਆਂ ਭਾਜਪਾ ਸਰਕਾਰਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਵਾਰ-ਵਾਰ ਖਿਲਵਾੜ ਕੀਤੇ ਜਾਣ ਦੇ ਬਾਵਜੂਦ ਹਰਸਿਮਰਤ ਬਾਦਲ, ਸੁਖਬੀਰ ਬਾਦਲ ਅਤੇ ਪ੍ਰਕਾਸ਼ ਬਾਦਲ ਬਿਲਕੁਲ ਚੁੱਪੀ ਧਾਰ ਲੈਂਦੇ ਹਨ? ਭਗਵੰਤ ਮਾਨ ਨੇ ਤੰਜ ਕੱਸਿਆ ਕਿ ਜਿਸ ਇੱਕ ਵਜ਼ੀਰੀ ਦੀ ਪੰਜਾਬ ਅਤੇ ਪੰਜਾਬੀਆਂ ਨੂੰ ਐਨੀਆਂ ਭਾਰੀ ਕੀਮਤਾਂ ਚੁਕਾਉਣੀਆਂ ਪੈਂਦੀਆਂ ਹੋਣ ਅਜਿਹੀ ਵਜ਼ੀਰੀ 'ਤੇ ਲੱਖ ਲਾਹਨਤਾਂ ਹਨ।

ਭਗਵੰਤ ਮਾਨ ਨੇ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਯੂਪੀ ਦੇ ਪੰਜਾਬੀ ਕਿਸਾਨਾਂ ਦੇ ਹੱਕ 'ਚ ਡਟਣ ਦੀ ਸਲਾਹ ਦਿੰਦਿਆਂ ਕਿਹਾ ਕਿ ਜੇਕਰ ਉਹ ਅੱਜ ਪੰਜਾਬੀ ਕਿਸਾਨਾਂ ਨਾਲ ਨਹੀਂ ਖੜੇ ਤਾਂ ਪੰਜਾਬ ਦੇ ਲੋਕ ਬਾਦਲਾਂ ਵਾਂਗ ਉਨ੍ਹਾਂ ਨੂੰ ਵੀ ਕਦੇ ਮੁਆਫ਼ ਨਹੀਂ ਕਰਨਗੇ।

ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੂੰ ਵੀ ਇਹ ਮਸਲਾ ਕੇਂਦਰ ਅਤੇ ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਕੋਲ ਉਠਾਉਣ ਦੀ ਮੰਗ ਕੀਤੀ। ਉੱਥੇ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਨੂੰ ਇਕੱਠੇ ਹੋ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਯੂਪੀ ਦੇ ਤਰਾਈ ਖੇਤਰ 'ਚ ਸਥਿਤ ਰਾਮਪੁਰ ਜ਼ਿਲ੍ਹੇ ਦੇ 15 ਪਿੰਡਾਂ ਦੀ ਜ਼ਮੀਨ 'ਤੇ ਹਜ਼ਾਰਾਂ ਪੰਜਾਬੀ ਪਿਛਲੇ 70 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ। ਜਿੰਨਾ ਤੋਂ ਸਰਕਾਰ ਹੁਣ ਧੱਕੇ ਨਾਲ ਜ਼ਮੀਨਾਂ ਛੁਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ABOUT THE AUTHOR

...view details