ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦੀ ਆਰਥਿਕ ਸਥਿਤੀ ਖ਼ਰਾਬ ਹੁੰਦੀ ਜਾ ਰਹੀ ਹੈ। ਆਰਥਿਕ ਵਾਧਾ 5.6 ਫ਼ੀਸਦੀ ਤੱਕ ਪੁਹੰਚਣ ਦੀ ਥਾਂ ਇਹ ਸਿਰਫ਼ 1.6 ਫ਼ੀਸਦੀ ਹੀ ਰਹਿ ਗਿਆ ਹੈ।
ਪੰਜਾਬ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਦੇ ਚੇਅਰਪਰਸਨ ਦੀਪਕ ਕਪੂਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਦੀਪਕ ਕੂਪਰ ਨੇ ਦੱਸਿਆ ਕਿ ਚੀਨ ਨਾਲ ਨਾਰਾਜ਼ਗੀ ਕਾਰਨ ਵੱਡੇ ਮੁਲਕਾਂ ਦੀਆਂ ਕੰਪਨੀਆਂ ਕਿਸੇ ਹੋਰ ਮੁਲਕ ਵਿੱਚ ਉਤਪਾਦਨ ਪਲਾਂਟ ਲਾਉਣ ਬਾਰੇ ਸੋਚ ਰਹੀਆਂ ਹਨ। ਕੰਪਨੀਆਂ ਦੇ ਇਸ ਫ਼ੈਸਲੇ ਨਾਲ ਭਾਰਤ ਦੀ ਅਰਥ-ਵਿਵਸਥਾ ਨੂੰ ਕਾਫ਼ੀ ਫ਼ਾਇਦਾ ਮਿਲ ਸਕਦਾ ਹੈ।
1978 ਵਿੱਚ ਭਾਰਤ ਅਤੇ ਚੀਨ ਦੀ ਜੀਡੀਪੀ ਦੇ ਹਿਸਾਬ ਨਾਲ ਅਰਥ-ਵਿਵਸਥਾ ਤਕਰੀਬਨ ਬਰਾਬਰ ਸੀ ਅਤੇ ਇੱਕ ਕਮਿਊਨਿਸਟ ਮੁਲਕ ਹੋਣ ਦੇ ਬਾਵਜੂਦ ਚੀਨ ਨੇ ਯੂਰਪ, ਯੂਐੱਸਏ, ਜਾਪਾਨ ਸਣੇ ਕਈ ਮੁਲਕਾਂ ਲਈ ਉਤਪਾਦਨ ਮਾਤਰਾ ਵਧਾਈ। ਉਨ੍ਹਾਂ ਕੰਪਨੀਆਂ ਵਿੱਚ ਹੀ ਚੀਨੀ ਲੋਕਾਂ ਨੇ ਕੰਮ ਸਿੱਖ ਕੇ ਆਪਣੀਆਂ ਕੰਪਨੀਆਂ ਖੋਲ੍ਹ ਲਈਆਂ ਜਿਸ ਦਾ ਸਿੱਟਾ ਇਹ ਨਿਕਲਿਆ ਅੱਜ ਚੀਨ ਵਿੱਚ ਮੋਬਾਈਲ, ਕਾਰ ਅਤੇ ਜਹਾਜ਼ ਦਾ ਉਤਪਾਦਨ ਖ਼ੁਦ ਕਰ ਰਿਹਾ ਹੈ।