ਚੰਡੀਗੜ੍ਹ: ਈਟੀਵੀ ਭਾਰਤ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਕਿ ਏਸ਼ੀਅਨ ਪੈਰਾ ਗੇਮਜ਼ 'ਚ ਤਮਗ਼ਾ ਜੇਤੂ ਨੌਕਰੀ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਹੈ। ਮੁਹੰਮਦ ਯਾਸਿਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਸ ਨੂੰ ਜਿੱਤ ਕੇ ਆਏ ਨੂੰ 2 ਸਾਲ ਹੋ ਗਏ ਹਨ, ਪਰ ਹਾਲੇ ਤੱਕ ਵੀ ਪੰਜਾਬ ਸਰਕਾਰ ਵੱਲੋਂ ਉਸ ਨੂੰ ਕੋਈ ਵੀ ਮਾਨ-ਸਨਮਾਨ ਨਹੀਂ ਦਿੱਤਾ ਗਿਆ।
ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਦੇ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮੁਹੰਮਦ ਯਾਸਿਰ ਨੂੰ ਜਕਾਰਤਾ, ਇੰਡੋਨੇਸ਼ੀਆ ਵਿੱਚ ਤੀਜੀ ਪੈਰਾ ਏਸ਼ੀਅਨ ਖੇਡਾਂ ਵਿੱਚ ਸ਼ਾਟ-ਪੁਟ 'ਚ ਤਮਗ਼ਾ ਜਿੱਤਕੇ ਵਿੱਚ ਉਸ ਦੇ ਮਿਸਾਲੀ ਪ੍ਰਦਰਸ਼ਨ ਲਈ 50 ਲੱਖ ਰੁਪਏ ਦੇ ਚੈੱਕ ਨਾਲ ਸਨਮਾਨਿਤ ਕੀਤਾ। ਇਸਦੇ ਨਾਲ ਹੀ ਉਨ੍ਹਾਂ ਮੁਹੰਮਦ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਅਮਰਗੜ੍ਹ ਦੇ ਨਾਲ ਲੱਗਦੇ ਪਿੰਡ ਮੁਹੰਮਦਪੁਰਾ ਵਾਸੀ ਮੁਹੰਮਦ ਯਾਸਿਰ ਦੀ ਬਚਪਨ ਵਿੱਚ ਹੀ ਬਾਂਹ ਕੱਟੀ ਗਈ ਸੀ। ਜਿਸ ਤੋਂ ਬਾਅਦ ਮੁਹੰਮਦ ਯਾਸਿਰ ਦਾ ਮਨ ਪੜ੍ਹਾਈ ਨਾਲੋਂ ਵਧੇਰੇ ਖੇਡਾਂ ਵਿੱਚ ਲੱਗਣ ਲੱਗ ਗਿਆ, ਜਿਸ ਕਰਕੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਖੇਡਾਂ ਖੇਡਣ ਲੱਗ ਗਿਆ ਅਤੇ ਉਸ ਨੂੰ ਮੈਦਾਨ ਨਾਲ ਪਿਆਰ ਹੋ ਗਿਆ।