ਚੰਡੀਗੜ੍ਹ :ਕਰਨਾਟਕ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਮੁਹਿੰਮ ’ਚ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ’ਚ ਭ੍ਰਿਸ਼ਟਾਚਾਰੀਆਂ ਵੱਲੋਂ ਬਣਾਈ ਗਈ ਜਾਇਦਾਦ ਨੂੰ ਵੇਚ ਕੇ ਇਕੱਠਾ ਹੋਇਆ ਪੈਸਾ ਸਰਕਾਰੀ ਖਜ਼ਾਨੇ ’ਚ ਜਮ੍ਹਾ ਕੀਤਾ ਜਾਵੇਗਾ। ਇਸ ਨਾਲ ਪੰਜਾਬ ਵਿਚ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਵੇਗਾ। ਭਗਵੰਤ ਮਾਨ ਵਲੋਂ ਵੱਖ-ਵੱਖ ਰੋਡ ਸ਼ੋਆਂ ਵਿੱਚ ਲੋਕਾਂ ਨੂੰ ਸੰਬਧਨ ਕੀਤਾ ਗਿਆ ਹੈ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਜਾਣੂੰ ਕਰਵਾਇਆ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਰਨਾਟਕ ਦੀਆਂ ਸਮੱਸਿਆਂਵਾਂ ਵਰਗੀਆਂ ਹੀ ਪੰਜਾਬ ਵਿਚ ਵੀ ਸਮੱਸਿਆਂਵਾਂ ਹਨ। ਮਾਨ ਨੇ ਕਿਹਾ ਕਿ ਪੰਜਾਬ ਵਾਂਗ ਇੱਥੇ ਵੀ ਬੇਰੋਜ਼ਗਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ’ਚ 28 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ ਅਤੇ ਝਾੜੂ ਸਫਾਈ ਕਰਨ ਦਾ ਕੰਮ ਕਰਦਾ ਹੈ। ਇਸ ਝਾੜੂ ਦੀ ਮਦਦ ਨਾਲ ਸਾਰੇ ਭ੍ਰਿਸ਼ਟਾਚਾਰ ਨੂੰ ਖ਼ਤਮ ਕੀਤਾ ਜਾਵੇਗਾ। ਉਨਾਂ ਕਿਹਾ ਕਿ ਭਾਜਪਾ ਦੇ ਬਹੁਤੇ ਦਾਅਵੇ ਅਤੇ ਵਾਅਦੇ ਜੁਮਲੇ ਸਾਬਿਤ ਹੋਏ ਹਨ।