ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਹੱਦੀ ਜ਼ਿਲਿਆਂ ਦੇ ਨੌਜਵਾਨਾਂ ਦੇ ਸ਼ਸ਼ਕਤੀਕਰਨ ਦੇ ਉਦੇਸ਼ ਨਾਲ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਕਾਲਾ ਅਫਗਾਨਾ ਨੂੰ ਬਦਲਕੇ ਸਰੀਰਕ ਸਿੱਖਿਆ ਕਾਲਜ ਵਜੋਂ ਸਥਾਪਤ ਕੀਤਾ ਗਿਆ ਹੈ ਅਤੇ ਲੱਧੂਪੁਰ ਵਿਖੇ ਇੱਕ ਨਵਾਂ ਡਿਗਰੀ ਕਾਲਜ ਖੋਲਿਆ ਗਿਆ ਹੈ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਦੂਰਦਰਸ਼ੀ ਫੈਸਲੇ ਨਾਲ ਸਰਹੱਦੀ ਖੇਤਰ ਦੇ ਲੋਕਾਂ ਦੀ ਚਿਰਾਂ ਤੋਂ ਲੰਬਿਤ ਪਈ ਮੰਗ ਪੂਰੀ ਹੋਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਚੇਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਕਾਲਾ ਅਫਗਾਨਾ ਵਿਖੇ ਸਰੀਰਕ ਸਿੱਖਿਆ ਕਾਲਜ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਨਵੇਂ ਮੌਕੇ ਪ੍ਰਦਾਨ ਕਰੇਗਾ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਲਾਕੇ ਦਾ ਨਾਮ ਰੌਸ਼ਨ ਕਰਣਗੇ। ਉਨਾਂ ਅੱਗੇ ਦੱਸਿਆ ਕਿ ਇਸ ਕਾਲਜ ਨੂੰ ਪਟਿਆਲਾ ਵਿਖੇ ਨਵੀਂ ਸਥਾਪਿਤ ਕੀਤੀ ਖੇਡ ਯੂਨੀਵਰਸਿਟੀ ਦਾ ਕੰਸਟੀਚਿਉਂਟ ਕਾਲਜ ਬਣਾਇਆ ਗਿਆ ਹੈ।