ਚੰਡੀਗੜ੍ਹ:ਜੰਗਲਾਤ ਵਿਭਾਗ ਵਿੱਚ ਦਰੱਖਤਾਂ ਦੀ ਕਟਾਈ ਅਤੇ ਵੇਚਣ ਨੂੰ ਲੈਕੇ ਘਪਲੇਅਤੇ ਜਾਇਦਾਦ ਤੋਂ ਵੱਧ ਸੰਪੱਤੀ ਦੇ ਮਾਮਲੇ ਵਿੱਚ ਵਿਜੀਲੈਂਸ ਦੀ ਰਡਾਰ ਉੱਤੇ ਆਉਣ ਤੋਂ ਬਾਅਦ ਸਾਥੀਆਂ ਸਮੇਤ ਜੇਲ੍ਹ ਜਾਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਹੁਣ ਈਡੀ ਦੀ ਰਡਾਰ ਉੱਤੇ ਆ ਗਏ ਹਨ। ਇਨਫੋਰਸਮੈਂਟ ਡਾਇਰੋਕਟੇਰੇਟ (Enforcement Directorate) ਦੀ ਟੀਮ ਨੇ ਧਰਮਸੋਤ ਦੇ ਅਮਲੋਹ ਸਥਿਤ ਘਰ ਉੱਤੇ ਅੱਜ ਰੇਡ ਕੀਤੀ ਹੈ, ਇਸ ਦੌਰਾਨ ਧਰਮਸੋਤ ਦੀ ਰਿਹਾਇਸ਼ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਵੀ ਵੇਖਣ ਨੂੰ ਮਿਲੇ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਉਪਰ ਵੀ ਈਡੀ ਦੀ ਗਾਜ਼ ਡਿੱਗੀ ਹੈ। ਈਡੀ ਵਲੋਂ ਪੰਜਾਬ ਵਿੱਚ ਕਰੀਬ 1 ਦਰਜਨ ਤੋਂ ਵੱਧ ਥਾਵਾਂ ਉੱਤੇ ਰੇਡ ਕੀਤੀ ਜਾ ਰਹੀ ਹੈ।
ਘਰ ਦੇ ਅੰਦਰ ਲਈ ਗਈ ਤਲਾਸ਼ੀ: ਮੀਡੀਆ ਰਿਪੋਰਟਾਂ ਮੁਤਾਬਿਕ ਈਡੀ ਦੀਆਂ ਟੀਮਾਂ ਨੇ ਘਰ ਦੇ ਅੰਦਰ ਤਲਾਸ਼ੀ ਲਈ ਅਤੇ ਇਸ ਦੌਰਾਨ ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦਾ ਅਧਿਕਾਰ ਨਹੀਂ ਸੀ। ਕੁੱਝ ਟੀਮਾਂ ਨੇ ਧਰਮਸੋਤ ਸਮੇਂ ਜੰਗਲਾਤ ਵਿਭਾਗ ਦੇ ਠੇਕੇਦਾਰ ਰਹੇ ਖੰਨਾ ਦੇ ਕਰੀਬੀ ਦੋਸਤ ਅਤੇ ਕੁੱਝ ਅਧਿਕਾਰੀਆਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਹੈ। ਇਹ ਵੀ ਦੱਸ ਦਈਏ ਕਿ ਈਡੀ ਦੀਆਂ ਟੀਮਾਂ ਦੇ ਨਾਲ ਰਿਜ਼ਰਵ ਫੋਰਸ ਦੇ ਜਵਾਨ ਵੀ ਧਰਮਸੋਤ ਦੀ ਰਿਹਾਇਸ਼ ਦੇ ਬਾਹਰ ਪਹੁੰਚੇ ਸਨ। ਦੱਸ ਦਈਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਆਮਦਨ ਤੋਂ ਵੱਧ ਸੰਪੱਤੀ ਦਾ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਸਮੇਤ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਫਿਲਹਾਲ ਉਹ ਜ਼ਮਾਨਤ 'ਤੇ ਬਾਹਰ ਹਨ। ਪੰਜਾਬ ਵਿਜੀਲੈਂਸ (Punjab Vigilance) ਦੇ ਰਡਾਰ 'ਤੇ ਆਉਣ ਤੋਂ ਬਾਅਦ ਈਡੀ ਨੇ ਵੀ ਉਸ ਦੇ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੀ ਮੰਗ ਕੀਤੀ ਸੀ।