ਚੰਡੀਗੜ੍ਹ: ਦੇਸ਼ ਭਰ 'ਚ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਿਸ ਦੇ ਚੱਲਦੇ ਦੇਸ਼ ਭਰ 'ਚ ਰਾਵਣ ਅਤੇ ਉਸ ਦੇ ਭਰਾਵਾਂ ਦੇ ਪੁਤਲੇ ਸਾੜੇ ਜਾਂਦੇ ਹਨ। ਇਸ ਦੇ ਚੱਲਦੇ ਪੰਜਾਬ 'ਚ ਜਿੱਥੇ ਅੰਮ੍ਰਿਤਸਰ, ਮਾਨਸਾ, ਸੁਲਤਾਨਪੁਰ ਲੋਧੀ, ਤਰਨ ਤਾਰਨ ਅਤੇ ਬਠਿੰਡਾ ਸਮੇਤ ਹੋਰ ਕਈ ਸ਼ਹਿਰਾਂ 'ਚ ਮਨਾਇਆ ਗਿਆ ਤਾਂ ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਸਮੁੱਚੇ ਦੇਸ਼ ਵਾਸੀਆਂ ਨੂੰ ਇਸ ਪਾਵਨ ਤਿਉਹਾਰ ਦੀ ਵਧਾਈ ਦਿੱਤੀ ਗਈ ਅਤੇ ਦਿੱਲੀ ਦੇ ਦਵਾਰਕਾ ਰਾਮਲੀਲਾ ਮੈਦਾਨ 'ਚ ਇਸ ਰਾਵਣ ਦਹਿਣ ਦਾ ਹਿੱਸਾ ਬਣੇ। ਇਸ ਮੌਕੇ ਪ੍ਰਧਾਨ ਮੰਤਈ ਮੋਦੀ ਵਲੋਂ ਦੇਸ਼ ਵਾਸੀਆਂ ਨੂੰ ਸੰਬੋਧਨ ਵੀ ਕੀਤਾ ਗਿਆ। (Dussehra Festival)
ਮਾਨਸਾ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ:ਮਾਨਸਾ ਵਿਖੇ ਨਹਿਰੂ ਮੈਮੋਰੀਅਲ ਕਾਲਜ ਦੇ ਖੇਡ ਸਟੇਡੀਅਮ ਵਿਖੇ ਦੁਸਹਿਰਾ ਕਮੇਟੀ ਵੱਲੋਂ ਇਹ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਥੇ ਵੱਡੀ ਗਿਣਤੀ 'ਚ ਲੋਕ ਇਸ ਰਾਵਣ ਦਹਿਣ ਨੂੰ ਦੇਖਣ ਲਈ ਪਹੁੰਚੇ। ਇਸ ਮੌਕੇ ਡਾਕਟਰ ਮਾਨਵ ਜਿੰਦਲ, ਡਾਕਟਰ ਗੀਤੀਕਾ ਅਤੇ ਪ੍ਰਵੀਨ ਗਰਗ ਟੋਨੀ ਨੇ ਵੀ ਦੇਸ਼ ਵਾਸੀਆਂ ਨੂੰ ਜਿੱਥੇ ਦੁਸ਼ਹਿਰੇ ਮੌਕੇ ਵਧਾਈ ਦਿੱਤੀ। ਉੱਥੇ ਹੀ ਉਹਨਾਂ ਬੁਰਾਈ ਦਾ ਰਸਤਾ ਛੱਡ ਕੇ ਚੰਗਿਆਈ ਦਾ ਰਾਹ ਅਪਣਾਉਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਅੱਜ ਵੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਹਨ ਅਤੇ ਨਸ਼ੇ ਦੇ ਕੋਹੜ ਰੂਪ ਨੂੰ ਵੀ ਖਤਮ ਕਰਨਾ ਸਮਾਜ ਦੇ ਲਈ ਵੱਡੀ ਗੱਲ ਹੈ।
ਸੁਲਤਾਨਪੁਰ ਲੋਧੀ ਵਿੱਚ 50 ਫੁੱਟ ਉੱਚੇ ਪੁਤਲੇ ਫੂਕੇ:ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਵੀ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਵੱਖ-ਵੱਖ ਥਾਵਾਂ ’ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਸਮੇਤ ਵੱਡੀ ਗਿਣਤੀ 'ਚ ਲੋਕ ਇਸ ਰਾਵਣ ਦਹਿਣ ਨੂੰ ਦੇਖਣ ਲਈ ਸ਼ਾਮਲ ਹੋਏ। ਇਸ ਮੌਕੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 50 ਫੁੱਟ ਉੱਚੇ ਪੁਤਲੇ ਬਣਾਏ ਗਏ। ਇਸ ਮੌਕੇ ਪੁਲਿਸ ਵਲੋਂ ਵੀ ਪੁਖਤਾ ਪ੍ਰਬੰਧ ਦੇਖਣ ਨੂੰ ਮਿਲੇ।