ਮੋਹਾਲੀ : ਦੋ ਦਿਨ ਪਹਿਲਾਂ ਸਟੇਡੀਅਮ ਰੋਡ ਦਰਪਨ ਸਿਟੀ ਖਰੜ ਸੜਕ 'ਤੇ ਦਿਨ-ਦਿਹਾੜੇ ਹੋਏ ਕਤਲ ਦੀ ਵਾਰਦਾਤ ਵਿੱਚ ਪੁਲਿਸ ਨੇ 24 ਘੰਟੇ ਦੇ ਅੰਦਰ-ਅੰਦਰ ਮ੍ਰਿਤਕ ਨੌਜਵਾਨ ਦੀ ਸ਼ਨਾਖਤ ਕਰਵਾ ਕੇ, ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਦਿਨ-ਦਿਹਾੜੇ ਹੋਏ ਇਸ ਕਤਲ ਲਈ ਜ਼ਿੰਮੇਵਾਰ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿੰਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਇਨ੍ਹਾਂ ਦੇ ਫ਼ਰਾਰ ਸਾਥੀ, ਜੋ ਹੋਰ ਕਈ ਕੇਸਾਂ ਵਿੱਚ ਪਹਿਲਾਂ ਹੀ ਭਗੌੜੇ ਹਨ, ਉਨਾਂ ਦੀ ਗ੍ਰਿਫ਼ਤਾਰੀਆਂ ਲਈ ਵੱਖ-ਵੱਖ ਪਾਰਟੀਆਂ ਭੇਜੀਆਂ ਗਈਆਂ ਹਨ।
ਐੱਸ.ਐੱਸ.ਪੀ. ਮੋਹਾਲੀ ਨੇ ਦੱਸਿਆ ਇਸ ਘਟਨਾਂ ਬਾਰੇ ਮ੍ਰਿਤਕ ਦੇ ਛੋਟੇ ਭਰਾ ਬਲਵੀਰ ਸਿੰਘ ਦੇ ਬਿਆਨ 'ਤੇ ਥਾਣਾ ਸਿਟੀ ਖਰੜ ਵਿਖੇ ਮੁਕੱਦਮਾ ਨੰਬਰ 256 ਅਧੀਨ ਧਾਰਾ 302, 34, 120-ਬੀ ਆਈ.ਪੀ.ਸੀ ਅਤੇ 25 ਅਸਲਾ ਐਕਟ ਦਰਜ ਕੀਤਾ ਗਿਆ ਹੈ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਸਾਥੀ ਰੋਹਿਤ ਸੇਠੀ ਅਜੇ ਕੁਮਾਰ ਉਰਫ ਕਾਪਾ ਨੇ ਅਸ਼ੀਸ ਚੌਪੜਾ, ਹੈਪੀ ਭੁੱਲਰ, ਹੈਪੀ ਮੱਲ੍ਹ, ਅਮਰਜੀਤ ਸਿੰਘ, ਮਨੀ ਅਤੇ ਆਪਣੇ ਹੋਰ ਸਾਥੀਆਂ ਨਾਲ ਰਲ੍ਹ ਕੇ ਸਾਜਿਸ਼ ਰੱਚ ਕੇ ਇੰਦਰਜੀਤ ਸਿੰਘ ਢਿੰਡਾ ਨੂੰ ਚੰਡੀਗੜ੍ਹ ਵਿਖੇ ਸ਼ਾਪਿੰਗ ਕਰਵਾਉਣ ਬਹਾਨੇ ਮਿਤੀ 5 ਨਵੰਬਰ ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਬੁਲਵਾਇਆ ਸੀ।
ਰੋਹਿਤ ਸੇਠੀ ਤੇ ਅਜੇ ਕੁਮਾਰ ਨੇ ਆਪਣੇ ਸਾਥੀਆਂ ਨਾਲ ਰੱਲ ਕੇ ਬਣਾਈ ਸਾਜਿਸ਼ ਨੂੰ ਸਿਰੇ ਚੜਾਉਂਦਿਆਂ ਮਿਤੀ 7 ਨਵੰਬਰ ਨੂੰ ਖਰੜ ਵਿਖੇ ਇੰਦਰਜੀਤ ਸਿੰਘ ਢਿੰਡਾ ਦਾ ਕਤਲ ਕਰਵਾ ਦਿੱਤਾ। ਦੋਸ਼ੀਆਂ ਦੀ ਮ੍ਰਿਤਕ ਨਾਲ ਪੁਰਾਣੇ ਇਰਾਦਾ ਕਤਲ ਦੇ ਮਾਮਲੇ ਵਿੱਚ ਰੰਜਿਸ਼ ਚੱਲਦੀ ਸੀ ਤੇ ਉਹ ਕਈ ਵਾਰ ਪਹਿਲਾਂ ਵੀ ਉਸ ਦੇ ਕਤਲ ਦੀ ਕੋਸ਼ਿਸ਼ ਕਰ ਚੁੱਕੇ ਸਨ। ਇੰਨ੍ਹਾਂ ਕੋਸ਼ਿਸ਼ਾਂ ਦੇ ਸਿਰੇ ਨਾ ਚੜ੍ਹਣ 'ਤੇ ਢਿੰਡਾ ਦੇ ਸਾਥੀਆਂ ਨੂੰ ਸਾਜਿਸ਼ ਵਿੱਚ ਸ਼ਾਮਿਲ ਕਰ ਲਿਆ ਗਿਆ।