ਚੰਡੀਗੜ੍ਹ:ਸ੍ਰੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਵਜੋਂ ਗਿਆਨੀ ਰਘਬੀਰ ਸਿੰਘ ਨੇ ਕਾਰਜਭਾਰ ਸੰਭਾਲਿਆ ਹੈ ਅਤੇ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਨੂੰ ਸਮਾਪਤ ਕਰ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਇਸ ਦਰਮਿਆਨ ਜਥੇਦਾਰ ਅਕਾਲ ਤਖ਼ਤ ਦੇ ਇਕ ਬਿਆਨ ਨੇ ਬੰਦੂਕ ਵਿਚੋਂ ਨਿਕਲੀ ਗੋਲੀ ਵਾਂਗੂ ਸਿੱਧਾ ਨਿਸ਼ਾਨਾ ਲਗਾਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਸੋਚ ਰੱਖਿਆ ਸੀ ਕਿ ਜਿਸਦੀ ਦਬਾਅ ਆਇਆ ਉਹ ਅਹੁਦਾ ਛੱਡ ਦੇਣਗੇ, ਹੁਣ ਦਬਾਅ ਆਇਆ ਅਤੇ ਉਹਨਾਂ ਅਹੁਦਾ ਛੱਡ ਦਿੱਤਾ।
ਜਥੇਦਾਰ ਦੇ ਬਿਆਨ ਦੇ ਮਾਇਨੇ ਸਿਆਸੀ ਦਬਾਅ ਵਜੋਂ ਕੱਢੇ ਜਾ ਰਹੇ ਹਨ। ਇਸਤੋਂ ਪਹਿਲਾਂ ਇਹ ਚਰਚਾਵਾਂ ਸਿਆਸੀ ਅਤੇ ਧਾਰਮਿਕ ਗਲਿਆਰਿਆਂ ਵਿਚ ਪੁਰਜੋਰ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਿਆਸੀ ਅਸਰ ਹੇਠ ਹੁੰਦੀ ਹੈ ਅਤੇ ਸਿਆਸੀ ਦਬਾਅ ਹੇਠ ਵੀ ਜਥੇਦਾਰ ਵੱਲੋਂ ਕੰਮ ਕੀਤਾ ਜਾਂਦਾ ਰਿਹਾ। ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਵੀ ਇਸਦੀ ਹਾਮੀ ਭਰਦੇ ਹਨ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਕ ਸਿਆਸੀ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ। ਸਮੇਂ ਸਮੇਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨਾਲ ਕਈ ਵਿਵਾਦ ਜੁੜਦੇ ਰਹੇ।
'ਅਕਾਲ ਤਖ਼ਤ ਦੇ ਜਥੇਦਾਰ 'ਤੇ ਸਿਆਸੀ ਦਬਾਅ'ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਵਾਰ-ਵਾਰ ਇਹ ਕਹਿੰਦੇ ਹਨ ਕਿ ਇਕ ਸਿਆਸੀ ਪਰਿਵਾਰ ਦਾ ਸਿਰਫ਼ ਅਕਾਲ ਤਖ਼ਤ ਹੀ ਨਹੀਂ ਬਲਕਿ ਐਸ.ਜੀ.ਪੀ.ਸੀ ਦੇ ਫ਼ੈਸਲਿਆਂ ਵਿੱਚ ਵੀ ਸਿੱਧੇ ਤੌਰ ਉੱਤੇ ਦਖ਼ਲ ਅੰਦਾਜ਼ੀ ਕਰਦਾ ਹੈ। ਉਹਨਾਂ ਦੇ ਪ੍ਰਭਾਵ ਹੇਠ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ ਦੇ ਫ਼ੈਸਲੇ ਹੁੰਦੇ ਹਨ। ਗਿਆਨੀ ਰਣਜੀਤ ਸਿੰਘ ਨੇ ਬੀਤੇ ਦਿਨ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਨਿਯੁਕਤੀ 'ਤੇ ਆਖਿਆ ਸੀ ਕਿ ਨਵਾਂ ਜਥੇਦਾਰ ਖਾਸ ਸਿਆਸੀ ਪਰਿਵਾਰ ਦੀਆਂ ਔਰਤਾਂ ਦੀਆਂ ਜੁੱਤੀਆਂ ਚੁੱਕਣ ਦਾ ਕੰਮ ਕਰੇਗਾ। ਸਾਬਕਾ ਜਥੇਦਾਰ ਦਾ ਇਹ ਬਿਆਨ ਆਪਣੇ ਆਪ ਦੇ ਵਿਚ ਬਹੁਤ ਵੱਡਾ ਅਤੇ ਵਿਵਾਦਿਤ ਵੀ ਹੋ ਸਕਦਾ ਹੈ।
ਕਿਵੇਂ ਹੁੰਦੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ?ਹੁਣ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਅਕਸਰ ਚਰਚਾ ਹੁੰਦੀ ਰਹੀ ਹੈ ਅਤੇ ਕਈ ਵਾਰ ਇਸ ਤਰ੍ਹਾਂ ਨਿਯੁਕਤੀ ਨੂੰ ਲੈ ਕੇ ਵਿਵਾਦ ਵੀ ਖੜਾ ਹੁੰਦਾ ਰਿਹਾ ਹੈ। ਐਸਜੀਪੀਸੀ ਵੱਲੋਂ ਜਥੇਦਾਰ ਅਕਾਲ ਤਖ਼ਤ ਦੀ ਨਿਯੁਕਤੀ ਕੀਤੀ ਜਾਂਦੀ ਹੈ ਅਤੇ ਅਹੁਦੇ ਤੋਂ ਹਟਾਉਣ ਦਾ ਅਧਿਕਾਰ ਵੀ ਐਸਜੀਪੀਸੀ ਕੋਲ ਹੈ। ਕਾਨੂੰਨੀ ਤੌਰ 'ਤੇ ਐਸਜੀਪੀਸੀ ਇਹ ਅਧਿਕਾਰ ਰੱਖਦੀ ਹੈ, ਕਿਉਂਕਿ ਜਥੇਦਾਰ ਐਸਜੀਪੀਸੀ ਦਾ ਮੁਲਾਜ਼ਮ ਹੁੰਦਾ ਹੈ। ਐਸਜੀਪੀਸੀ ਕਿਸੇ ਵੀ ਮੈਂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਸਕਦੀ ਹੈ। ਕੁਝ ਕਾਨੂੰਨੀ ਮਾਹਿਰ ਕਹਿੰਦੇ ਹਨ ਕਿ ਨਿਯੁਕਤੀ 'ਤੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾਂਦਾ ਹੈ, ਐਸਜੀਪੀਸੀ ਆਪਣੇ ਅਧਿਕਾਰਾਂ ਮੁਤਾਬਿਕ ਹੀ ਜਥੇਦਾਰ ਦੀ ਨਿਯੁਕਤੀ ਅਤੇ ਰਵਾਨਗੀ ਕਰਦੀ ਹੈ।
ਪਹਿਲੇ ਜਥੇਦਾਰ ਕਿਸ ਪ੍ਰਭਾਵ ਹੇਠ ਕਰਦੇ ਸੀ ਕੰਮ ?1920 ਤੋਂ ਬਾਅਦ ਅਕਾਲੀ ਦਲ ਹੋਂਦ ਵਿਚ ਆਇਆ ਅਤੇ 1925 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ, ਜਿਸ ਤੋਂ ਬਾਅਦ ਗੁਰਦੁਆਰਿਆਂ ਦਾ ਪ੍ਰਬੰਧ ਐਸ.ਜੀ.ਪੀ.ਸੀ ਅਤੇ ਅਕਾਲੀ ਦਲ ਕੋਲ ਆਇਆ। ਉਦੋਂ ਤੋਂ ਕਿਹਾ ਜਾਂਦਾ ਰਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਬਾਕੀ ਐਸਜੀਪੀਸੀ ਦੇ ਸਾਰੇ ਪ੍ਰਬੰਧ ਸਿਆਸੀ ਦਬਾਅ ਦੇ ਦਾਇਰੇ ਵਿਚ ਰਹਿ ਕੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਜਥੇਦਾਰਾਂ ਨਾਲ ਕਈ ਵਿਵਾਦ ਜੁੜਦੇ ਰਹੇ ਤੇ ਸਿਆਸੀ ਪ੍ਰਭਾਵ ਹੇਠ ਕੰਮ ਕਰਨ ਦੇ ਇਲਜ਼ਾਮ ਵੀ ਲੱਗਦੇ ਰਹੇ। ਇਹ ਵੀ ਚਰਚਾਵਾਂ ਸਿਆਸੀ ਗਲਿਆਰਿਆਂ ਵਿੱਚ ਘੁੰਮਦੀਆਂ ਰਹੀਆਂ ਕਿ ਜੋ ਵੀ ਜਥੇਦਾਰ ਅਕਾਲੀ ਦਲ ਅਤੇ ਐਸਜੀਪੀਸੀ ਦੇ ਕਹਿਣ 'ਤੇ ਨਹੀਂ ਚੱਲਦਾ ਉਸਨੂੰ ਹਟਾ ਦਿੱਤਾ ਜਾਂਦਾ ਹੈ।
ਹੁਣ ਤੱਕ ਕਿਸ-ਕਿਸ ਜਥੇਦਾਰ ਨੇ ਨਿਭਾਈ ਸੇਵਾ ?
ਹੁਣ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਰਹੇ ਉਹਨਾਂ ਨਾਲ ਕੋਈ ਨਾ ਕੋਈ ਵਿਵਾਦ ਜੁੜਿਆ ਹੀ ਰਿਹਾ ਹੈ। ਜਿਸਦੀ ਸ਼ੁਰੂਆਤ 1987 'ਚ ਹੋਏ ਆਪ੍ਰੇਸ਼ਨ ਬਲੈਕ ਥੰਡਰ ਤੋਂ ਹੋਈ ਮੰਨੀ ਜਾ ਰਹੀ ਹੈ। ਉਸ ਵੇਲੇ ਭਾਈ ਜਸਬੀਰ ਸਿੰਘ ਰੋਡੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਇਸ ਆਪ੍ਰੇਸ਼ਨ 'ਚ ਉਹਨਾਂ ਦੀ ਭੂਮਿਕਾ ਨੂੰ ਸ਼ੱਕੀ ਤੌਰ 'ਤੇ ਵੇਖਿਆ ਗਿਆ ਸੀ। ਉਹ 1986 ਤੋਂ 1989 ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ।