ਚੰਡੀਗੜ੍ਹ: ਹਿੰਦੂ ਭਾਈਚਾਰਾ ਜਿੱਥੇ ਰੌਸ਼ਨੀਆਂ ਦਾ ਤਿਉਹਾਰ ਦਿਵਾਲੀ ਮਨਾਉਂਦਾ ਹੈ ਅਤੇ ਸ਼੍ਰੀ ਰਾਮਚੰਦਰ ਜੀ ਦੀ ਅਯੁੱਧਿਆ ਵਾਪਸੀ ਦਾ ਜਸ਼ਨ ਮਨਾਉਂਦਾ ਹੈ। ਇਸ ਦੇ ਨਾਲ ਹੀ ਦਿਵਾਲੀ ਦਾ ਸਿੱਖ ਕੌਮ ਲਈ ਇੱਕ ਵੱਖਰਾ ਮਹੱਤਵ ਹੈ, ਕਿਉਂਕਿ ਸਿੱਖ ਕੌਮ ਇਸ ਦਿਨ ਨੂੰ ਬੰਦੀ ਛੋੜ ਦਿਵਸ (Bandi Chhor Divas) ਵਜੋਂ ਮਨਾਉਣ ਦਾ ਸਬੰਧ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੋਇਆ ਹੈ।
ਬੰਦੀ ਛੋੜ ਦਿਵਸ ਦੀ ਇਤਿਹਾਸਕ ਮਹੱਤਤਾ: ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਅਤੇ ਸ਼ਾਂਤਮਈ ਸ਼ਹਾਦਤ ਨੇ ਇੱਕ ਕ੍ਰਾਂਤੀਕਾਰੀ ਮੋੜ ਲਿਆਉਂਦਾ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਮੁਗਲਾਂ ਦੇ ਜ਼ੁਲਮ ਨਾਲ ਨਜਿੱਠਣ ਲਈ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ 'ਮੀਰੀ' ਅਤੇ 'ਪੀਰੀ' ਨਾਂ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਉਨ੍ਹਾਂ ਸਿੱਖਾਂ ਨੂੰ ਘੋੜ ਸਵਾਰੀ ਸਮੇਤ ਯੁੱਧ ਕਲਾ ਵਿੱਚ ਨਿਪੁੰਨ ਬਣਨ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਜੀ ਨੇ ਸਿੱਖ ਕੌਮ ਦੇ ਫੈਸਲਿਆਂ ਲਈ ਅੰਮ੍ਰਿਤਸਰ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ।
ਬਾਬਰ ਦਾ ਜੇਲ੍ਹ ਖ਼ਾਨਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਸੱਚ ਦੇ ਮਾਰਗ ਤੋਂ ਡਗਮਗਾ ਨਹੀਂ ਸਕਿਆ। ਇਸੇ ਤਰ੍ਹਾਂ ਜਹਾਂਗੀਰ ਵਲੋਂ ਕੀਤੀ ਗਈ ਗ੍ਰਿਫਤਾਰੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਇਰਾਦਿਆਂ ਵਿੱਚ ਕੋਈ ਤਬਦੀਲੀ ਨਹੀਂ ਲਿਆ ਸਕੀ, ਆਖਰਕਾਰ ਸੱਚ ਦੀ ਜਿੱਤ ਹੋਈ। ਜਹਾਂਗੀਰ ਨੇ ਗੁਰੂ ਸਾਹਿਬ ਦੀ ਰਿਹਾਈ ਦੇ ਹੁਕਮ ਦਿੱਤੇ, ਪਰ ਸੱਚੀ ਸਰਕਾਰ ਨੇ ਆਪਣੇ ਇਕੱਲੇ ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਨੇ ਮੁਗਲ ਸਰਕਾਰ ਅੱਗੇ ਆਪਣੀ ਰਿਹਾਈ ਦੇ ਨਾਲ-ਨਾਲ 52 (ਬਵੰਜਾ) ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖੀ। ਮੁਕਤੀ ਦੇ ਦਾਤਾ ਗੁਰੂ ਸਾਹਿਬ ਵੱਲੋਂ ਪਹਿਨੇ ਬਵੰਜਾ (52) ਕਲੀਆਂ ਵਾਲੇ ਚੋਲੇ ਨਾਲ 52 ਹੋਰ ਰਾਜਿਆਂ ਨੂੰ ਵੀ ਜੇਲ੍ਹ ਤੋਂ ਆਜ਼ਾਦ ਕਰਵਾਇਆ।