ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਾਂਗਰਸੀਆਂ ਦੀ ਅਗਵਾਈ ਵਾਲੇ ਸ਼ਰਾਬ ਮਾਫੀਆ ਅਤੇ ਇਨ੍ਹਾਂ ਨੂੰ ਸਪੀਰਿਟ ਸਪਲਾਈ ਕਰਨ ਵਾਲੇ ਸ਼ਰਾਬ ਦੇ ਕਾਰਖਾਨਿਆਂ ਖਿਲਾਫ਼ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਦੇ ਨਤੀਜੇ ਵਜੋਂ ਪੰਜ ਹੋਰ ਮਾਸੂਮਾਂ ਦੀ ਜਾਨ ਚਲੀ ਗਈ ਹੈ ਤੇ ਮੌਤ ਨਾਲ ਇਹ ਖੇਡ ਉਦੋਂ ਹੀ ਬੰਦ ਹੋਵੇਗੀ ਜਦੋਂ ਸਰਕਾਰੀ ਅਧਿਕਾਰੀਆਂ, ਭ੍ਰਿਸ਼ਟ ਪੁਲਿਸ ਵਾਲਿਆਂ ਸਮੇਤ ਸਾਰਾ ਗਠਜੋੜ ਤੋੜਿਆ ਜਾਵੇਗਾ।
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸੂਬੇ ਵਿਚ ਨਜਾਇਜ਼ ਸ਼ਰਾਬ ਕਾਰੋਬਾਰ ਵਿੱਚ ਕਾਰਵਾਈ ਕਰਨ ਦੇ ਸਾਰੇ ਦਾਅਵੇ ਕੱਲ੍ਹ ਦੀਆਂ ਮੌਤਾਂ ਮਗਰੋਂ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਇਹ ਮਾਫੀਆ ਖ਼ਤਮ ਹੋਣ ਦੀ ਥਾਂ ਉਲਟਾ ਵੱਧ ਫੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿੱਚ ਜਿਹੜੇ ਦੋ ਵਿਅਕਤੀਆਂ ਦੀ ਕੱਲ੍ਹ ਮੌਤ ਹੋਈ, ਉਨ੍ਹਾਂ ਦੇ ਪਰਿਵਾਰਾਂ ਅਤੇ ਭੁੱਲਥ ਵਿੱਚ ਜਿਹੜੇ ਤਿੰਨ ਵਿਅਕਤੀਆਂ ਦੀ ਮੌਤ ਹੋਈ ਉਨ੍ਹਾਂ ਦੇ ਪਰਿਵਾਰਾਂ ਨੇ ਇਹ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੇ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਸ਼ਰੇਆਮ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਵਪਾਰੀਆਂ ਦਾ ਜਾਲ ਦਿਨ-ਬ-ਦਿਨ ਵੱਧ ਰਿਹਾ ਹੈ ਤੇ ਹੁਣ ਉਹ ਮਾਝਾ ਤੇ ਪਟਿਆਲਾ-ਖੰਨਾ-ਲੁਧਿਆਣਾ ਪੱਟੀ ਵਿੱਚ ਵਪਾਰ ਮਗਰੋਂ ਦੁਆਬਾ ਖੇਤਰ ਵਿਚ ਵੀ ਪੁੱਜ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲਈ ਇਸ ਤੋਂ ਵੱਡਾ ਕਸੂਰਵਾਰ ਹੋਣਾ ਹੋਰ ਨਹੀਂ ਹੋ ਸਕਦਾ।
ਅਕਾਲੀ ਆਗੂ ਨੇ ਕਿਹਾ ਕਿ ਲੋਕ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਮਰ ਰਹੇ ਹਨ ਕਿਉਂਕਿ ਸਰਕਾਰ ਉਨ੍ਹਾਂ ਸ਼ਰਾਬ ਦੇ ਕਾਰਖਾਨਿਆਂ ਖਿਲਾਫ ਕੁਝ ਨਹੀਂ ਕਰ ਰਹੀ ਜਿਨ੍ਹਾਂ ਨੇ ਸ਼ਰਾਬ ਮਾਫੀਆ ਨੂੰ ਸਪੀਰਿਟ ਸਪਲਾਈ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਰਾਬ ਮਾਫੀਆ ਨੂੰ ਡਿਨੇਚਰਡ ਸਪੀਰਿਟ ਸਪਲਾਈ ਕਰਨ ਵਾਲੀਆਂ ਇਹ ਫੈਕਟਰੀਆਂ ਸੀਲ ਨਹੀਂ ਕੀਤੀਆਂ ਜਾਂਦੀਆਂ ਅਤੇ ਇਹਨਾਂ ਦੇ ਪ੍ਰਬੰਧਕਾਂ ਨੂੰ ਅਜਿਹੇ ਕਤਲਾਂ ਨੂੰ ਸ਼ਹਿ ਦੇਣ ਲਈ ਮਿਸਾਲੀ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਇਹ ਦੁਖਾਂਤ ਵਾਪਰਦੇ ਰਹਿਣਗੇ। ਉਹਨਾਂ ਕਿਹਾ ਕਿ ਹੁਣ ਵੀ ਸਮਾਂ ਹੈ ਕਿ ਕਾਂਗਰਸ ਸਰਕਾਰ ਇਸ ਤ੍ਰਾਸਦੀ ਦੇ ਮਿਆਰ ਨੂੰ ਸਮਝੇ ਅਤੇ ਜਿਥੇ ਕਾਰਵਾਈ ਹੋਣ ਵਾਲੀ ਹੈ, ਉਥੇ ਕਾਰਵਾਈ ਕਰੇ ਨਾ ਕਿ ਤਸਵੀਰਾਂ ਖਿਚਵਾਉਣ ਤੇ ਦੇਸੀ ਸ਼ਰਾਬ ਕੱਢਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਡਰਾਮੇਬਾਜ਼ੀ ਕਰੇ।
ਮਜੀਠੀਆ ਨੇ ਕਿਹਾ ਕਿ ਇਕ ਵਾਰ ਇਹਨਾਂ ਸ਼ਰਾਬ ਫੈਕਟਰੀਆਂ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਅਤੇ ਇਹ ਸੀਲ ਕਰ ਦਿੱਤੀਆਂ ਗਈਆਂ ਤਾਂ ਸਾਰਾ ਅਪਰਾਧ ਸੁਲਝਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਭਾਵੇਂ ਪਟਿਆਲਾ ਅਤੇ ਖੰਨਾ ਵਿਚ ਨਜਾਇਜ਼ ਸ਼ਰਾਬ ਫੈਕਟਰੀਆਂ ਕਮ ਬੋਟਲਿੰਗ ਪਲਾਂਟ ਬੇਨਕਾਬ ਹੋਏ ਹਨ ਪਰ ਅਜਿਹਾ ਲੱਗਦਾ ਹੈ ਕਿ ਹੋਰ ਵੀ ਅਜਿਹੀਆਂ ਕਈ ਨਜਾਇਜ਼ ਸਹੂਲਤਾਂ ਹਨ ਜੋ ਵੱਧ ਫੁੱਲ ਰਹੀਆਂ ਹਨ ਅਤੇ ਸਾਡੇ ਸਮਾਜ ਵਿਚ ਜ਼ਹਿਰ ਫੈਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਕ ਵਾਰ ਇਹਨਾਂ ਸ਼ਰਾਬ ਫੈਕਟਰੀਆਂ ਖਿਲਾਫ ਕਾਰਵਾਈ ਹੋ ਗਈ ਤਾਂ ਫਿਰ ਕਾਂਗਰਸੀ ਆਗੂਆਂ ਸਮੇਤ ਉਹ ਮਾਫੀਆ ਬੇਨਕਾਬ ਹੋ ਜਾਵੇਗਾ ਜੋ ਇਹਨਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ ਤੇ ਇਸ ਗੋਰਖ ਧੰਦੇ ਨੂੰ ਚਲਾ ਰਿਹਾ ਹੈ ਜਦਕਿ ਸਿਵਲ ਤੇ ਪੁਲਿਸ ਫੋਰਮ ਵਿਚਲੇ ਮਾੜੇ ਤੱਤ ਵੀ ਬੇਨਕਾਬ ਹੋ ਜਾਣਗੇ ਜੋ ਇਸ ਨਜਾਇਜ਼ ਕਾਰੋਬਾਰ ਚਲਾਉਣ ਵਿਚ ਮਦਦ ਕਰ ਰਹੇ ਹਨ।
ਅਕਾਲੀ ਆਗੂ ਨੇ ਆਪਣੀ ਮੰਗ ਫਿਰ ਦੁਹਰਾਈ ਕਿ ਸਾਰੇ ਕੇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਕਿਹਾ ਕਿ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ ਜ਼ਿਲਿਆਂ ਵਿੱਚ ਵਾਪਰੇ ਇਸ ਜ਼ਹਿਰੀਲੀ ਸ਼ਰਾਬ ਦੁਖਾਂਤ ਵਿੱਚ 130 ਜਣਿਆਂ ਦੀ ਮੌਤ ਮਗਰੋਂ ਹੁਣ 5 ਹੋਰ ਮੌਤਾਂ ਹੋਣ ਨੇ ਸਾਬਤ ਕੀਤਾ ਹੈ ਕਿ ਅਸਲ ਦੋਸ਼ੀਆਂ ਨੂੰ ਸਿਆਸੀ ਪੁਸ਼ਤ ਪਨਾਹੀ ਮਿਲ ਰਹੀ ਹੈ