ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸੋਧ ਐਕਟ 1925 ਵਿੱਚ ਕੀਤੀ ਗਈ ਸੋਧ ਨੂੰ ਰੱਦ ਕਰਨ ਲਈ ਐਸਜੀਪੀਸੀ ਵੱਲੋਂ ਜਨਰਲ ਇਜਲਾਸ ਬੁਲਾਇਆ ਗਿਆ। ਇਸ ਜਨਰਲ ਇਜਲਾਸ ਵਿੱਚ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਐਸਜੀਪੀਸੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਚਕਾਰ ਤਲਖੀ ਵੀ ਹੋ ਗਈ। ਬੀਬੀ ਜਗੀਰ ਕੌਰ ਨੇ ਸਟੇਜ ਤੋਂ ਕੀਤੇ ਜਾ ਰਹੇ ਆਪਣੇ ਸੰਬੋਧਨ ਵਿੱਚ ਲਿਫ਼ਾਫਾ ਕਲਚਰ ਨੂੰ ਲੈ ਕੇ ਕੁਝ ਅਜਿਹਾ ਆਖ ਦਿੱਤਾ ਕਿ ਐੱਸਜੀਪੀਸੀ ਜਨਰਲ ਇਜਲਾਸ ਵਿੱਚ ਮਾਹੌਲ ਗਰਮ ਹੋ ਗਿਆ। ਇੱਥੋਂ ਤੱਕ ਬੀਬੀ ਜਗੀਰ ਕੌਰ ਦਾ ਮਾਈਕ ਬੰਦ ਕਰ ਦਿੱਤਾ ਗਿਆ। ਇਹ ਇਜਲਾਸ ਧਰਮ ਨੂੰ ਬਚਾਉਣ ਲਈ ਘੱਟ ਅਤੇ ਸਿਆਸੀ ਕਿੜਾਂ ਕੱਢਣ ਲਈ ਜ਼ਿਆਦਾ ਹੋ ਨਿਬੜਿਆ।
ਇਸ ਇਜਲਾਸ ਵਿੱਚ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਕਈਆਂ ਨੇ ਹਿਮਾਇਤ ਕੀਤੀ ਅਤੇ ਕਈਆਂ ਨੇ ਵਿਰੋਧਤਾ ਕੀਤੀ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਟਵੀਟ ਇਸ ਮਾਹੌਲ ਨੂੰ ਹੋਰ ਗਰਮ ਕਰ ਗਿਆ। ਬੀਬੀ ਜਗੀਰ ਕੌਰ ਅਤੇ ਹਰਜਿੰਦਰ ਸਿੰਘ ਧਾਮੀ ਦੀ ਤਲਖੀ ਹੋਰ ਚਰਚਾ ਦਾ ਵਿਸ਼ਾ ਬਣਾ ਗਈ। ਅਜਿਹੇ ਹਲਾਤਾਂ ਵਿੱਚ ਐੱਸਜੀਪੀਸੀ ਦਾ ਟਕਰਾਅ ਸਰਕਾਰ ਨਾਲ ਘੱਟ ਅਤੇ ਆਪਣਿਆਂ ਨਾਲ ਜ਼ਿਆਦਾ ਹੋ ਗਿਆ। ਧਾਰਮਿਕ ਗਲਿਆਰਿਆਂ ਵਿੱਚੋਂ ਵੀ ਇਸ ਸਬੰਧੀ ਕੋਈ ਵੀ ਅਵਾਜ਼ ਉੱਠਦੀ ਵਿਖਾਈ ਨਹੀਂ ਦੇ ਰਹੀ। ਹੁਣ ਸਭ ਦੇ ਮਨਾਂ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਇਹ ਲੜਾਈ ਕਿੱਧਰ ਨੂੰ ਜਾ ਰਹੀ ਹੈ ? ਇਹ ਲੜਾਈ ਸਰਕਾਰ ਨਾਲ ਹੈ ਜਾਂ ਆਪਣਿਆਂ ਨਾਲ। ਇਹ ਲੜਾਈ ਧਰਮ ਬਚਾਉਣ ਲਈ ਲੜੀ ਜਾ ਰਹੀ ਹੈ ਜਾਂ ਫਿਰ ਅਕਾਲੀ ਦਲ ਵਿੱਚ ਇੱਕ ਖਾਸ ਪਰਿਵਾਰ ਨੂੰ ਬਚਾਉਣ ਲਈ।
ਐੱਸਜੀਪੀਸੀ ਦੀ ਲੜਾਈ ਸਰਕਾਰ ਨਾਲ ਜਾਂ ਆਪਣਿਆਂ ਨਾਲ: ਹੁਣ ਤੱਕ ਐਸਜੀਪੀਸੀ 'ਤੇ ਇਕ ਸਿਆਸੀ ਪਰਿਵਾਰ ਦੇ ਹੱਕ ਭੁਗਤਣ ਦੇ ਇਲਜ਼ਾਮ ਲੱਗਦੇ ਰਹੇ। ਇਹਨਾਂ ਇਲਜ਼ਾਮਾਂ ਨੂੰ ਜਨਰਲ ਇਜਲਾਸ ਵਿੱਚ ਹੋਰ ਵੀ ਬਲ ਮਿਲਿਆ। ਜਿਸ ਤਰੀਕੇ ਸਾਬਕਾ ਪ੍ਰਧਾਨ ਨੇ ਲਿਫ਼ਾਫਾ ਕਲਚਰ ਤੋਂ ਅਜ਼ਾਦ ਹੋਣ ਲਈ ਆਵਾਜ਼ ਬੁਲੰਦ ਕੀਤੀ। ਅਕਾਲੀ ਦਲ ਪ੍ਰਧਾਨ ਸਣੇ ਕਈ ਸੀਨੀਅਰ ਆਗੂਆਂ ਉੱਤੇ ਬੀਬੀ ਜਗੀਰ ਕੌਰ ਵੱਲੋਂ ਜਿਸ ਤਰ੍ਹਾਂ ਨਿਸ਼ਾਨੇ ਲਗਾਏ ਗਏ ਉਸ ਤੋਂ ਬਾਅਦ ਐੱਸਜੀਪੀਸੀ ਇਜਲਾਸ ਵਿੱਚ ਭਾਂਬੜ ਮੱਚ ਗਏ। ਕਈ ਵਾਰ ਸਿੱਧਾ ਪ੍ਰਸਾਰਣ ਬੰਦ ਕੀਤਾ ਗਿਆ ਅਤੇ ਕਈ ਵਾਰ ਚਲਾਇਆ ਗਿਆ। ਉਸ ਤੋਂ ਬਾਅਦ ਵੀ ਕਈ ਬੁਲਾਰਿਆਂ ਨੇ ਗੁੰਝੀਆਂ ਰਮਜਾਂ ਨਾਲ ਐੱਸਜੀਪੀਸੀ ਦੀ ਕਾਰਗੁਜ਼ਾਰੀ ਨੂੰ ਨਿਸ਼ਾਨੇ ਉੱਤੇ ਲਿਆ । ਇਹ ਸਾਰਾ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਮੌਜੂਦਗੀ ਵਿੱਚ ਹੋਇਆ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਉਸ ਵੇਲੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਉੱਤੇ ਮੌਜੂਦ ਸਨ। ਇਸ ਸਾਰੇ ਵਰਤਾਰੇ ਖ਼ਿਲਾਫ਼ ਕਿਸੇ ਨੇ ਵੀ ਜੁਬਾਨ ਨਹੀਂ ਖੋਲ੍ਹੀ ਅਤੇ ਨਾ ਹੀ ਇਸ ਤਰ੍ਹਾਂ ਦੇ ਘਟਨਾਕ੍ਰਮਾਂ 'ਤੇ ਇਤਰਾਜ਼ ਜਤਾਇਆ ਗਿਆ। ਐੱਸਜੀਪੀਸੀ ਨੁਮਾਇੰਦਿਆਂ ਵੱਲੋਂ ਇਕ ਦੂਜੇ ਨੂੰ ਮਿਹਣੇ ਦੇਣ ਦਾ ਕੰਮ ਚੱਲਦਾ ਰਿਹਾ। ਜਿਸ ਦਾ ਸਿੱਧਾ ਪ੍ਰਸਾਰਣ ਐੱਸਜੀਪੀਸੀ ਦੇ ਸੋਸ਼ਲ ਮੀਡੀਆ ਤੋਂ ਦੁਨੀਆਂ ਭਰ ਵਿੱਚ ਵਿਖਾਇਆ ਜਾ ਰਿਹਾ ਸੀ। ਕਿਤੇ ਨਾ ਕਿਤੇ ਐੱਸਜੀਪੀਸੀ ਦੇ ਇਸ ਵਰਤਾਰੇ ਨਾਲ ਗਲਤ ਪ੍ਰਭਾਵ ਪਿਆ ਹੈ। ਇਹ ਧਰਮ ਦੀ ਲੜਾਈ ਘੱਟ ਜਾਪ ਰਹੀ ਸੀ ਅਤੇ ਕਿਸੇ ਸਿਆਸੀ ਪਾਰਟੀ ਦੇ ਹੱਕ ਦੀ ਲੜਾਈ ਜ਼ਿਆਦਾ ਲੱਗ ਰਹੀ ਸੀ।
ਪੰਥ ਬਚਾਉਣਾ ਨਹੀਂ ਐਸਜੀਪੀਸੀ ਦਾ ਮਕਸਦ:ਐੱਸਜੀਪੀਸੀ ਦੀ ਕਾਰਗੁਜ਼ਾਰੀ ਜੋ ਹੁਣ ਤੱਕ ਰਹੀ ਹੈ, ਉਸ ਵਿੱਚੋਂ ਅਕਸਰ ਚਰਚਾਵਾਂ ਇਹੀ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਐੱਸਜੀਪੀਸੀ ਦਾ ਮਕਸਦ ਪੰਥ ਬਚਾਉਣਾ ਨਹੀਂ ਬਲਕਿ ਬਾਦਲ ਪਰਿਵਾਰ ਦੀ ਸਲਤਨਤ ਬਚਾਉਣਾ ਹੈ। ਜੋ ਚਾਲਾਂ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਕਰਦੀ ਚੱਲਦੀ ਹੈ। ਉਹੀ ਕੁਝ ਐੱਸਜੀਪੀਸੀ ਆਪਣੇ ਬਾਗੀ ਆਗੂਆਂ ਲਈ ਕਰਦੀ ਹੈ। ਜਿਸ ਤਰ੍ਹਾਂ ਬੀਬੀ ਜਗੀਰ ਕੌਰ ਦੇ ਸੰਬੋਧਨ ਨੂੰ ਰੋਕਿਆ ਗਿਆ ਉਸ ਅੱਗੋ ਮਾਈਕ ਖੋਹਿਆ ਗਿਆ ਇਹ ਤਾਕਤ ਦੇ ਜੋਰ 'ਤੇ ਹੀ ਕੀਤਾ ਗਿਆ। ਜਿਸ ਤਰ੍ਹਾਂ ਸਰਕਾਰਾਂ ਆਪਣੀ ਤਾਕਤ ਦਾ ਇਸਤੇਮਾਲ ਕਰਦੀਆਂ ਹਨ। ਉਸੇ ਤਰ੍ਹਾਂ ਐੱਸਜੀਪੀਸੀ ਆਪਣੀ ਤਾਕਤ ਦਾ ਇਸਤੇਮਾਲ ਕਰਕੇ ਧੱਕਾ ਕਰਦੀ ਹੈ। ਐੱਸਜੀਪੀਸੀ ਦੇ ਆਪਣੇ ਸਿਧਾਂਤ ਖੁਦ ਧਰਮ ਦੇ ਰਸਤੇ ਤੋਂ ਭਟਕੇ ਹੋਏ ਹਨ।
ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਥਾਂ ਸਿਆਸੀ ਰਿਹਾ ਇਜਲਾਸ: ਸਿੱਖ ਸੰਗਤ ਵੱਲੋਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹੋ ਸਕਦਾ ਹੈ ਐੱਸਜੀਪੀਸੀ ਆਪਣੇ ਨਵੇਂ ਚੈਨਲ ਦਾ ਐਲਾਨ ਕਰੇ, ਪਰ ਇਹ ਇਜਲਾਸ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਥਾਂ ਇਕ ਦੂਜੇ ਉੱਤੇ ਸਿਆਸੀ ਤੰਜ਼ ਕੱਸਣ ਵਿੱਚ ਲੰਘ ਗਿਆ। ਸਿੱਖ ਪੰਥ ਵੀ ਇਸ ਇਜਲਾਸ ਨੂੰ ਉਸ ਨਜ਼ਰੀਏ ਨਾਲ ਨਹੀਂ ਵੇਖ ਰਿਹਾ ਜਿਸ ਤਰ੍ਹਾਂ ਵੇਖਣਾ ਚਾਹੀਦਾ ਸੀ। ਮੋਰਚਾ ਲਗਾਉਣ ਦਾ ਜੋ ਐਲਾਨ ਐੱਸਜੀਪੀਸੀ ਵੱਲੋਂ ਕੀਤਾ ਗਿਆ ਹੈ ਉਸ ਦਾ ਕੋਈ ਬਹੁਤਾ ਪ੍ਰਭਾਵ ਸਿੱਖ ਸੰਗਤ 'ਤੇ ਨਹੀਂ ਪਿਆ ਅਤੇ ਨਾ ਹੀ ਐੱਸਜੀਪੀਸੀ ਆਗੂਆਂ ਨੇ ਉਸ ਤਰ੍ਹਾਂ ਦੀ ਲੀਡਰਸ਼ਿਪ ਨੂੰ ਜਨਮ ਦਿੱਤਾ ਹੈ। ਮੌਜੂਦਾ ਲੀਡਰਸ਼ਿਪ ਦਾ ਮਕਸਦ ਸਿਰਫ਼ ਸੱਤਾ ਵਿਚ ਹਿੱਸੇਦਾਰੀ ਵਾਲਾ ਹੈ। ਹੁਣ ਨਾ ਪਹਿਲਾਂ ਵਰਗੇ ਅਕਾਲੀ ਵਰਕਰ ਪਾਰਟੀ ਵਿੱਚ ਹਨ ਅਤੇ ਨਾ ਹੀ ਉਹਨਾਂ ਦੀ ਸੁਣਵਾਈ ਪਹਿਲਾਂ ਵਾਂਗ ਹੈ।
ਗੁਰਬਾਣੀ ਪ੍ਰਸਾਰਣ ਮਸਲੇ 'ਤੇ ਐੱਸਜੀਪੀਸੀ ਦੀ ਲੜਾਈ ਪੰਥ ਲਈ ਜਾਂ ਇੱਕ ਖਾਸ ਪਰਿਵਾਰ ਲਈ ? ਐੱਸਜੀਪੀਸੀ ਇਲਾਜ ਮਗਰੋਂ ਸਰਕਾਰ ਹਾਵੀ! ਪੜ੍ਹੋ ਖ਼ਾਸ ਰਿਪੋਰਟ - SGPC fight with Govt
ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਗੁਰਬਾਣੀ ਪ੍ਰਸਾਰਣ ਸਬੰਧੀ ਚੱਲ ਰਿਹਾ ਮਸਲਾ ਸਿਖਰਾਂ ਉੱਤੇ ਹੈ। ਇਸ ਵਿਚਾਲੇ ਐੱਸਜੀਪੀਸੀ ਵੱਲੋਂ ਪੰਥ ਨੂੰ ਬਚਾਉਣ ਲਈ ਬੁਲਾਇਆ ਗਿਆ ਇਜਲਾਸ ਸ਼੍ਰੋਮਣੀ ਕਮੇਟੀ ਦੇ ਹੀ ਵਿਰੁੱਧ ਜਾਂਦਾ ਨਜ਼ਰ ਆ ਰਿਹਾ ਹੈ। ਹੁਣ ਚਰਚਾਵਾਂ ਇਹ ਛਿੜੀਆਂ ਹਨ ਕਿ ਐੱਸਜੀਪੀਸੀ ਪੰਥ ਦੀ ਨਹੀਂ ਸਗੋਂ ਇੱਕ ਖ਼ਾਸ ਸਿਆਸੀ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੈ। ਪੜ੍ਹੋ ਪੂਰੀ ਖਬਰ...
ਇਜਲਾਸ ਤੋਂ ਬਾਅਦ ਭਗਵੰਤ ਮਾਨ ਦਾ ਕੱਦ ਹੋਇਆ ਉੱਚਾ: ਸਿੱਖ ਚਿੰਤਕ ਖੁਸ਼ਹਾਲ ਸਿੰਘ ਕਹਿੰਦੇ ਹਨ ਕਿ ਜਿਸ ਸਿਆਸੀ ਦਖ਼ਲ ਦੀ ਗੱਲ ਐੱਸਜੀਪੀਸੀ ਕਰ ਰਹੀ ਹੈ ਉਸ ਦਾ ਸਭ ਤੋਂ ਵੱਡਾ ਪ੍ਰਭਾਵ ਤਾਂ ਐੱਸਜੀਪੀਸੀ ਖੁਦ ਕਬੂਲਦੀ ਹੈ। ਕੱਲ੍ਹ ਜਿਸ ਤਰੀਕੇ ਦਾ ਇਜਲਾਸ ਹੋਇਆ ਹੈ, ਉਸ ਵਿੱਚ ਐੱਸਜੀਪੀਸੀ ਦਾ ਅਕਸ ਧੁੰਦਲਾ ਪਿਆ ਹੈ ਅਤੇ ਭਗਵੰਤ ਮਾਨ ਦਾ ਕੱਦ ਉੱਚਾ ਹੋਇਆ ਹੈ। ਹਾਲਾਂਕਿ ਸਰਕਾਰ ਆਪਣੀ ਥਾਂ 'ਤੇ ਪੂਰੀ ਤਰ੍ਹਾਂ ਗਲਤ ਹੈ ਪਰ ਸਰਕਾਰ ਦਾ ਪੱਲੜਾ ਭਾਰੀ ਹੋ ਰਿਹਾ ਹੈ। ਜਿਸ ਤਰੀਕੇ ਨਾਲ ਐੱਸਜੀਪੀਸੀ ਦਾ ਵਰਤਾਰਾ ਇਸ ਮਾਮਲੇ 'ਤੇ ਹੈ ਉਸ ਦੇ ਸਾਹਮਣੇ ਸਰਕਾਰ ਦੀ ਕਾਰਗੁਜ਼ਾਰੀ ਲੋਕਾਂ ਵਿੱਚ ਠੀਕ ਬਣ ਰਹੀ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀਆਂ ਧਾਰਮਿਕ ਜ਼ਰੂਰਤਾਂ ਵਿੱਚੋਂ ਪੈਦਾ ਹੋਈ ਸੀ ਪਰ ਲਗਾਤਾਰ ਉਸ ਵਿੱਚ ਗਿਰਾਵਟ ਆ ਰਹੀ ਹੈ। ਐੱਸਜੀਪੀਸੀ ਆਪਣੇ ਵਿੱਚ ਸੁਧਾਰ ਕਰਨ ਨੂੰ ਤਿਆਰ ਨਹੀਂ ਤਾਂ ਪੁਰਾਣੀਆਂ ਕੁਰਬਾਨੀਆਂ ਦੇ ਸਿਰ 'ਤੇ ਕਿੰਨੀ ਦੇਰ ਰਿਹਾ ਜਾ ਸਕਦਾ ਹੈ।