550ਵਾਂ ਪ੍ਰਕਾਸ਼ ਪੁਰਬ: ਸਮਾਗਮ 'ਚ ਸ਼ਾਮਲ ਹੋਣ ਲਈ ਪੀਐਮ ਮੋਦੀ ਤੇ ਰਾਸ਼ਟਰਪਤੀ ਨੂੰ ਸੱਦਾ
ਚੰਡੀਗੜ੍ਹ 'ਚ ਹੋਈ ਅਕਾਲੀ ਦਲ ਦੀ ਬੈਠਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਮਨਾਉਣ 'ਤੇ ਵੀ ਚਰਚਾ ਕੀਤੀ। ਅਕਾਲੀ ਦਲ ਵੱਲੋਂ ਪਾਰਟੀ ਸੰਗਠਨ ਨੂੰ ਲੈ ਕੇ ਇਹ ਅਹਿਮ ਬੈਠਕ ਬੁਲਾਈ ਗਈ ਸੀ।
ਗੋਬਿੰਦ ਸਿੰਘ ਲੌਂਗੋਵਾਲ
ਚੰਡੀਗੜ੍ਹ: ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹੈ ਕਿ ਇੱਕ ਹੀ ਮੰਚ 'ਤੇ ਇੱਕਜੁਟ ਹੋ ਕੇ ਪ੍ਰਕਾਸ਼ ਪੁਰਬ ਮਨਾਇਆ ਜਾਵੇ। ਲੌਂਗੋਵਾਲ ਨੇ ਕਿਹਾ ਕਿ ਇਸ ਉੱਤੇ ਚਰਚਾ ਲਈ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ। ਲੌਂਗੋਵਾਲ ਨੇ ਦੱਸਿਆ ਕਿ ਗੁਰੂਪੁਰਬ ਸਬੰਧੀ ਮੁੱਖ ਸਮਾਗਮ 12 ਤਰੀਕ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਵੇਗਾ।
ਲੌਂਗੋਵਾਲ ਨੇ ਦੱਸਿਆ ਕਿ ਸਮਾਗਮ ਵਿੱਚ ਰਾਜਨੀਤਕ ਸ਼ਖਸ਼ੀਅਤਾਂ ਵੀ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਨਾਲ-ਨਾਲ ਹਰ ਸੂਬੇ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਗਿਆ ਹੈ।