ਚੰਡੀਗੜ੍ਹ: ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਜਿਸ ਕਾਰਨ ਦੋਹਾਂ ਦੇਸ਼ਾਂ ਦੇ ਲੋਕ ਕਾਫੀ ਖੁਸ਼ ਹਨ ਪਰ ਇਸ ਦੇ ਉਦਘਾਟਨ ਵਿੱਚ ਮਾਂ ਬੋਲੀ ਪੰਜਾਬੀ ਨਾਲ ਇੱਕ ਵਾਰ ਮੁੜ ਤੋਂ ਵਿਤਕਰਾ ਕੀਤਾ ਗਿਆ।
ਦਰਅਸਲ ਡੇਰਾ ਬਾਬਾ ਨਾਨਕ ਵਿਖੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਤਾਂ ਉਸ ਦੇ ਉਦਘਾਟਨ ਪੱਥਰ ਉੱਤੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਹੀ ਸਭ ਕੁੱਝ ਲਿਖਿਆ ਸੀ, ਪੰਜਾਬੀ ਤਾਂ ਕਿਤੇ ਨਜ਼ਰ ਹੀ ਨਹੀਂ ਆਈ। ਇਸ ਦੀਆਂ ਤਸਵੀਰਾਂ ਆਉਣ ਤੋਂ ਬਾਅਦ ਕਾਫੀ ਨਿਖੇਧੀ ਕੀਤੀ ਜਾ ਰਹੀ ਹੈ।
ਲਾਂਘੇ ਦੇ ਉਦਘਾਟਨ ਵਿੱਚ ਅਲੋਪ ਰਹੀ ਪੰਜਾਬੀ ਦੱਸ ਦਈਏ ਕਿ ਬੀਤੇ ਸਨਿੱਚਰਵਾਰ ਨੂੰ ਦੋਹਾਂ ਮੁਲਕਾਂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹ ਦਿੱਤਾ ਗਿਆ ਹੈ। ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਵੱਲੋਂ ਲਾਂਘੇ ਦਾ ਉਦਘਾਟਨ ਕੀਤਾ ਗਿਆ। ਲਾਂਘਾ ਖੁੱਲ੍ਹਣ ਤੋਂ ਬਾਅਦ ਸਿੱਖ ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਜਾ ਕੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ, ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ, ਕਾਂਗਰਸੀ ਆਗੂ ਨਵਜੋਤ ਸਿੰਘ ਸਣੇ ਕਈ ਸਿਆਸੀ ਆਗੂ ਵੀ ਕਰਤਾਰਪੁਰ ਸਾਹਿਬ ਨਤਮਸਤਕ ਹੋਏ।