ਚੰਡੀਗੜ੍ਹ:ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਸੰਕਟ ਦੀ ਘੜੀ ਅਤੇ ਖਰਾਬ ਸਿਹਤ ਵਿਚ ਡਾਕਟਰ ਹੀ ਹੁੰਦੇ ਨੇ ਜੋ ਵਿਅਕਤੀ ਨੂੰ ਜੀਵਨਦਾਨ ਦੇਣ ਦਾ ਕੰਮ ਕਰਦੇ ਹਨ। ਇਸੇ ਲਈ ਸਮਾਜ ਵਿਚ ਡਾਕਟਰਾਂ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਡਾਕਟਰੀ ਅਜਿਹਾ ਕਿੱਤਾ ਹੈ ਜਿਥੇ ਨਿੱਕੀ ਜਿਹੀ ਲਾਪ੍ਰਵਾਹੀ ਦੀ ਵੀ ਕੋਈ ਗੁੰਜਾਇਸ਼ ਨਹੀਂ। ਐਮਰਜੈਂਸੀ ਸੇਵਾਵਾਂ ਲਈ ਕਈ ਵਾਰ ਛੁੱਟੀ ਦੇ ਦਿਨ ਵੀ ਕੰਮ ਕਰਨਾ ਪੈਂਦਾ ਹੈ। ਆਮ ਤੌਰ 'ਤੇ ਲੋਕ ਆਪਣੀਆਂ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਲੈ ਕੇ ਡਾਕਟਰ ਕੋਲ ਜਾਂਦੇ ਹਨ ਅਤੇ ਡਾਕਟਰ ਕੋਲ ਲਗਭਗ ਹਰ ਸਮੱਸਿਆ ਦਾ ਇਲਾਜ ਵੀ ਹੁੰਦਾ ਹੈ। ਇਸੇ ਲਈ ਡਾਕਟਰਾਂ ਦਾ ਸਾਡੀ ਜ਼ਿੰਦਗੀ ਵਿਚ ਖਾਸ ਰੋਲ ਹੈ।
ਭਾਰਤ ਵਿਚ 1 ਜੁਲਾਈ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਡਾਕਟਰਾਂ ਨੂੰ ਉਨ੍ਹਾਂ ਦੇ ਕੰਮ ਲਈ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਵਧਾਈ ਦਿੰਦੇ ਹਨ। ਈਟੀਵੀ ਭਾਰਤ ਵੱਲੋਂ ਵੀ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰ ਪਾਲ ਕੌਰ ਨਾਲ ਖਾਸ ਗੱਲਬਾਤ ਕੀਤੀ। ਜਿਹਨਾਂ ਨੇ ਪੰਜਾਬ ਸਰਕਾਰ ਵਿਚ ਆਪਣੀਆਂ ਸੇਵਾਵਾਂ ਅੱਤਵਾਦ ਦੇ ਦੌਰ ਦੌਰਾਨ ਸ਼ੁਰੂ ਕੀਤੀਆਂ ਅਤੇ 33 ਸਾਲ ਦੇ ਕਰੀਅਰ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਇਸ ਦੌਰ ਦੌਰਾਨ ਪਰਿਵਾਰ ਅਤੇ ਡਾਕਟਰੀ ਪੇਸ਼ਾ ਦੋਵਾਂ ਵਿਚ ਸੰਤੁਲਨ ਬਣਾਉਣਾ ਵੀ ਚੁਣੌਤੀ ਭਰਿਆ ਸੀ।
ਅੱਤਵਾਦ ਦੇ ਦੌਰ 'ਚ ਸ਼ੁਰੂਆਤ:ਡਾਕਟਰਾਂ ਨੂੰ ਚੰਗੇ ਮਾੜੇ ਸਾਰੇ ਹਲਾਤਾਂ ਵਿਚ ਕੰਮ ਕਰਨਾ ਪੈਂਦਾ ਹੈ। ਕਈ ਵਾਰ ਹਲਾਤ ਕਿਹੋ ਜਿਹੇ ਵੀ ਕਿਉਂ ਨਾ ਹੋਣ ਪਰ ਹਾਲ ਵਿਚ ਆਪਣੀ ਡਿਊਟੀ ਲਈ ਇਮਾਨਦਾਰ ਰਹਿਣਾ ਹੀ ਪੈਂਦਾ ਹੈ। ਡਾ. ਰਵਿੰਦਰ ਪਾਲ ਕੌਰ ਨੇ ਤਾਂ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਪੰਜਾਬ ਵਿਚ ਚੱਲ ਰਹੇ ਮਾੜੇ ਹਲਾਤਾਂ ਦੌਰਾਨ ਕੀਤੀ। ਉਸ ਵੇਲੇ ਪੰਜਾਬ ਵਿਚ ਅੱਤਵਾਦ ਦਾ ਦੌਰ ਸੀ ਉਸ ਵੇਲੇ ਫਰੀਦਕੋਟ ਜ਼ਿਲ੍ਹਾ ਹੁੰਦਾ ਸੀ ਜਿਸਦੇ ਵਿਚ ਬਾਘਾਪੁਰਾਣਾ ਉਹਨਾਂ ਦੀ ਪੋਸਟਿੰਗ ਹੋਈ। ਬਾਘਾਪੁਰਾਣਾ ਬਹੁਤ ਹੀ ਪੱਛੜਿਆ ਇਲਾਕਾ ਸੀ। ਉਸ ਵੇਲੇ ਤਾਂ ਹਲਾਤ ਕੁਝ ਹੋਰ ਹੀ ਸਨ। ਅੱਤਵਾਦ ਦੇ ਦੌਰ ਦੌਰਾਨ ਜਦੋਂ ਪੰਜਾਬ ਵਿਚ ਹਰ ਕੋਈ ਆਉਣ ਤੋਂ ਡਰਦਾ ਉਸ ਵੇਲੇ ਪੀਐਚਸੀ ਵਿਚ ਉਹਨਾਂ ਦੇ ਕਰੀਅਰ ਦੀ ਸ਼ੁਰੂਆਤ ਹੋਈ। ਜੋ ਕਿ ਚੁਣੌਤੀਆਂ ਭਰਪੂਰ ਰਹੀ। ਇਕ ਕੰਮਕਾਜ਼ੀ ਔਰਤ ਵਾਸਤੇ ਤਾਂ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਫਿਰ ਪਤਾ ਨਹੀਂ ਲੱਗਦਾ ਕਿ ਦਿਨ ਰਾਤ ਕਦੋਂ ਲੰਘਦੇ ਹਨ। ਕਿਉਂਕਿ ਕਈ ਵਾਰ ਤਾਂ ਐਮਰਜੈਂਸੀ ਹਲਾਤਾਂ ਵਿਚ ਦਿਨ ਰਾਤ ਡਿਊਟੀ ਨਿਭਾਉਣੀ ਪੈਂਦੀ ਹੈ।
ਕਿੱਤਾ ਭਾਵੇਂ ਕੋਈ ਵੀ ਹੋਵੇ ਉਸ ਨਾਲ ਇਨਸਾਫ਼ ਕਰਨਾ ਜ਼ਰੂਰੀ ਹੁੰਦਾ। ਬਤੌਰ ਡਾਕਟਰ ਤਾਂ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਡਾ. ਰਵਿੰਦਰ ਪਾਲ ਕੌਰ ਨੇ ਦੱਸਿਆ ਸਮਾਂ ਮੁਸ਼ਕਿਲਾਂ ਭਰਿਆ ਰਿਹਾ ਪਰ ਪਤਾ ਹੈ ਕਿ ਕੰਮ ਕਰਨਾ ਤਾਂ ਕਰਨਾ ਹੀ ਹੈ। ਜਦੋਂ ਆਪਣੇ ਕਿੱਤੇ ਨਾਲ ਇਨਸਾਫ਼ ਹੁੰਦਾ ਰਹੇ ਤਾਂ ਬੰਦਾ ਖੁਸ਼ੀ ਖੁਸ਼ੀ ਅੱਗੇ ਵੱਧਦਾ ਰਹਿੰਦਾ ਹੈ। ਬਤੌਰ ਡਾਕਟਰ ਆਪਣਾ ਤਜਰਬਾ ਸਾਂਝਾ ਕਰਦਿਆਂ ਡਾ. ਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਉਹਨਾਂ ਨੇ ਪੈਥੋਲੋਜੀ ਵਿਚ ਐਮਡੀ ਕੀਤੀ ਅਤੇ ਅੱਗੇ ਪੜਾਈ ਕਰਨਾ ਚਾਹੁੰਦੇ ਸਨ ਪਰ ਘਰ ਦੇ ਹਲਾਤਾਂ ਨੇ ਉਹਨਾਂ ਦਾ ਫ਼ੈਸਲਾ ਬਦਲ ਦਿੱਤਾ। ਮਰੀਜ਼ਾਂ ਨੂੰ ਦੇਖਣ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਉਹਨਾਂ ਉੱਤੇ ਸਨ, ਜਿਸ ਕਰਕੇ ਮੈਡੀਕਲ ਕਾਲਜ ਜਾ ਕੇ ਅੱਗੇ ਪੜਾਈ ਕਰਨ ਦਾ ਫ਼ੈਸਲਾ ਉਹਨਾਂ ਬਦਲ ਦਿੱਤਾ। ਡਿਊਟੀ ਤਾਂ ਉਹਨਾਂ ਦੀ ਤਵੱਜੋਂ ਰਹੀ ਹੀ ਹੈ ਪਰ ਕਈ ਹਲਾਤਾਂ ਵਿਚ ਉਹਨਾਂ ਨੂੰ ਪਰਿਵਾਰ ਨੂੰ ਨਾਲ ਲੈ ਕੇ ਚੱਲਣਾ ਪਿਆ।
ਡਾਕਟਰੀ 'ਚ ਚੁਣੌਤੀਆਂ :ਸਿਵਲ ਹਸਪਤਾਲ ਵਿਚ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਉਣ ਦਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਸਿਵਲ ਹਸਪਤਾਲ ਦੀ ਡਿਊਟੀ ਬਾਕੀਆਂ ਨਾਲੋਂ ਔਖੀ ਹੁੰਦੀ ਹੈ। ਜਿਥੇ ਇਕ ਸਿਸਟਮ ਮੁਤਾਬਕ ਕੰਮ ਕਰਨਾ ਪੈਂਦਾ ਹੈ। ਡਾਕਟਰ ਨੇ ਮੈਡੀਕੋ ਲੀਗਲ ਵੀ ਕਰਨਾ ਹੁੰਦਾ, ਐਮਰਜੈਂਸੀ ਸੇਵਾਵਾਂ ਵੀ ਦੇਣੀਆਂ ਪੈਂਦੀਆਂ ਹਨ ਅਤੇ ਇਸਦੇ ਨਾਲ ਨਾਲ ਬਾਕੀ ਰੂਟੀਨ ਡਿਊਟੀ ਵੀ ਦੇਣੀ ਪੈਂਦੀ ਹੈ। ਇਸ ਲਈ ਜਦੋਂ ਡਿਊਟੀ 'ਤੇ ਪਹੁੰਚ ਗਏ ਤਾਂ ਡਿਊਟੀ ਦਾ ਮਤਲਬ ਡਿਊਟੀ ਹੀ ਹੁੰਦੀ ਹੈ। ਘਰ ਦੀਆਂ ਜ਼ਿੰਮੇਵਾਰੀਆਂ ਘਰ ਤੱਕ ਸੀਮਤ ਹਨ ਪਰ ਡਿਊਟੀ 'ਤੇ ਆ ਕੇ ਸਾਰੇ ਫ਼ਰਜ਼ ਡਿਊਟੀ ਨੂੰ ਸਮਰਪਿਤ ਕਰਨੇ ਪੈਂਦੇ ਹਨ। ਕਈ ਵਾਰ ਹਲਾਤ ਅਜਿਹੇ ਬਣ ਜਾਂਦੇ ਹਨ ਮਰੀਜ਼ਾਂ ਦੀ ਉਮੀਦਾਂ 'ਤੇ ਖਰ੍ਹਾ ਨਹੀਂ ਉਤਰਿਆ ਜਾਂਦਾ, ਕੁਝ ਗਲਤ ਹੋ ਜਾਵੇ ਜਾਂ ਫਿਰ ਸੰਪੂਰਨਤਾ ਦਾ ਪੱਧਰ ਨਹੀਂ ਆਉਂਦਾ। ਨਹੀਂ ਤਾਂ ਹਰ ਡਾਕਟਰ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ।
ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕੀਤੀ ਡਾਕਟਰੀ ਦੀ ਸ਼ੁਰੂਆਤ, 33 ਸਾਲਾਂ 'ਚ ਕਈ ਚੁਣੌਤੀਆਂ ਨੇ ਰੋਕਿਆ ਰਾਹ - ਚੰਡੀਗੜ੍ਹ ਦੀਆਂ ਖਬਰਾਂ
ਦੇਸ਼ ਵਿੱਚ 1 ਜੁਲਾਈ ਨੂੰ ਕੌਮੀ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਈਟੀਵੀ ਭਾਰਤ ਵੱਲੋਂ ਪੰਜਾਬ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਵਿੰਦਰ ਪਾਲ ਕੌਰ ਨਾਲ ਇਸ ਬਾਰੇ ਖਾਸ ਗੱਲਬਾਤ ਕੀਤੀ ਗਈ ਹੈ।
ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕੀਤੀ ਡਾਕਟਰੀ ਦੀ ਸ਼ੁਰੂਆਤ, 33 ਸਾਲਾਂ 'ਚ ਕਈ ਚੁਣੌਤੀਆਂ ਨੇ ਰੋਕਿਆ ਰਾਹ
ਕਿਉਂ ਮਨਾਇਆ ਜਾਂਦਾ ਹੈ ਦਿਨ :ਰਾਸ਼ਟਰੀ ਡਾਕਟਰ ਦਿਵਸ ਪਹਿਲੀ ਵਾਰ 1 ਜੁਲਾਈ 1991 ਨੂੰ ਭਾਰਤ ਵਿੱਚ ਡਾ ਬਿਧਾਨ ਚੰਦਰ ਰਾਏ ਦੇ ਸਨਮਾਨ ਲਈ ਮਨਾਇਆ ਗਿਆ ਸੀ। ਇਹ ਦਿਨ ਸਿਹਤ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਮਨਾਇਆ ਗਿਆ। ਡਾ. ਬੀ.ਸੀ. ਰਾਏ ਦਾ ਜਨਮ 1 ਜੁਲਾਈ 1882 ਨੂੰ ਹੋਇਆ ਸੀ ਅਤੇ ਉਸ ਦੀ ਮੌਤ 1 ਜੁਲਾਈ 1962 ਨੂੰ ਹੋਈ ਸੀ ਜੋ ਕਿ ਇੱਕ ਅਜੀਬ ਇਤਫ਼ਾਕ ਹੈ। ਇਸਦੇ ਸਾਰੇ ਡਾਕਟਰਾਂ ਦੀ ਉਹਨਾਂ ਦੀਆਂ ਸੇਵਾਵਾਂ ਲਈ ਪ੍ਰਸੰਸਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।