ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਦੀ ਟੀਮ ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨਾਲ ਮੁਲਾਕਾਤ ਕਰਨ ਲਈ ਪਹੁੰਚੀ ਹੈ। ਇੱਥੇ ਉਹ ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਮਿਲਣਗੇ। ਸ਼੍ਰੋਮਣੀ ਕਮੇਟੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਪਿਛਲੇ ਦਿਨੀਂ ਅੰਮ੍ਰਿਤਪਾਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਸਿੱਖ ਨੌਜਵਾਨਾਂ ਦੇ ਕੇਸ ਲੜਨਗੇ।
ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਹੇਠ ਬਣੀ ਟੀਮ:ਸ਼੍ਰੋਮਣੀ ਕਮੇਟੀ ਤੋਂ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਹੇਠ ਇਹ ਟੀਮ ਦਿਬਰੂਗੜ੍ਹ ਪਹੁੰਚੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜਾਬ ਤੋਂ ਗ੍ਰਿਫ਼ਤਾਰ ਕੀਤੇ ਇਹ ਨੌਜਵਾਨ ਪਿਛਲੇ ਦਿਨੀਂ ਦਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਆਪਣੇ ਕੇਸ ਦੀ ਪੈਰਵੀ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਦੀ ਟੀਮ ਭੇਜਣ ਦਾ ਵਾਅਦਾ ਕੀਤਾ ਸੀ।
ਦੀਪ ਸਿੱਧੂ ਦੇ ਭਰਾ ਵੀ ਦਿਬਰੂਗੜ੍ਹ ਪਹੁੰਚੇ : ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਕਹਿਣ 'ਤੇ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੀਪ ਸਿੱਧੂ ਦਾ ਭਰਾ ਮਨਦੀਪ ਸਿੰਘ ਸਿੱਧੂ ਭਾਵੇਂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਦਾ ਰਿਹਾ ਹੋਵੇ ਪਰ ਸ਼੍ਰੋਮਣੀ ਕਮੇਟੀ ਦੇ ਕਹਿਣ 'ਤੇ ਉਹ ਗ੍ਰਿਫਤਾਰ ਸਿੱਖ ਨੌਜਵਾਨਾਂ ਨੂੰ ਮਿਲਣ ਦਿਬਰੂਗੜ੍ਹ ਜੇਲ੍ਹ ਪਹੁੰਚ ਗਏ ਹਨ। ਇਸ ਦੇ ਨਾਲ ਹੀ ਐਡਵੋਕੇਟ ਰੋਹਿਤ ਸ਼ਰਮਾ ਵੀ ਉਨ੍ਹਾਂ ਦੇ ਨਾਲ ਹਨ।