ਹੈਦਰਾਬਾਦ ਡੈਸਕ: ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਇਕ ਹੋਰ ਗ੍ਰਿਫਤਾਰੀ ਹੋ ਚੁੱਕੀ ਹੈ। ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲਾ ਤੇ ਗੋਲਡੀ ਬਰਾੜ ਦਾ ਕਰੀਬੀ ਮੰਨਿਆ ਜਾਂਦਾ ਗੈਂਗਸਟਰ ਧਰਮਨਜੋਤ ਸਿੰਘ ਕਾਹਲੋਂ ਨੂੰ ਅਮਰੀਕਾ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ, ਜਲਦ ਹੀ ਉਸ ਨੂੰ ਭਾਰਤ ਲਿਆਂਦਾ ਜਾ ਸਕਦਾ ਹੈ, ਹਾਲਾਂਕਿ ਇਸ ਦੀ ਅਧਿਕਾਰਿਤ ਪੁਸ਼ਟੀ ਹੋਣਾ ਬਾਕੀ ਹੈ।
ਰਿਮਾਂਡ ਦੌਰਾਨ ਗੈਂਗਸਟਰ ਨੇ ਕੀਤੇ ਸੀ ਖੁਲਾਸੇ: ਜ਼ਿਕਰਯੋਗ ਹੈ ਕਿ ਲੁਧਿਆਣਾ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਮੂਸੇਵਾਲਾ ਕਤਲਕਾਂਡ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਦੇ ਮਾਮਲੇ ਵਿੱਚ ਧਰਮਨਜੋਤ ਸਿੰਘ ਕਾਹਲੋਂ ਨੂੰ ਨਾਮਜ਼ਦ ਕੀਤਾ ਸੀ। ਲੁਧਿਆਣਾ ਪੁਲਿਸ ਗੈਂਗਸਟਰ ਤੂਫਾਨ ਅਤੇ ਮਨੀ ਰਈਆ ਨੂੰ ਗੋਇੰਦਵਾਲ ਜੇਲ ਤੋਂ ਲੁਧਿਆਣਾ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਆਈ ਸੀ। ਗੈਂਗਸਟਰਾਂ ਦਾ ਪੁਲਿਸ ਨੂੰ 5 ਦਿਨਾਂ ਦਾ ਰਿਮਾਂਡ ਹਾਸਿਲ ਹੋਇਆ ਸੀ। ਰਿਮਾਂਡ ਦੌਰਾਨ ਗੈਂਗਸਟਰਾਂ ਨੇ ਵਿਦੇਸ਼ ਬੈਠੇ ਗੋਲਡੀ ਬਰਾੜ ਦੇ ਸਾਥੀ ਧਰਮਨਜੋਤ ਕਾਹਲੋਂ ਦਾ ਨਾਮ ਨਸ਼ਰ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਹਲੋਂ ਉੱਤੇ ਐਫਆਈਆਰ ਦਰਜ ਕੀਤਾ। ਗੈਂਗਸਟਰ ਤੂਫਾਨ ਦੀ ਗੋਇੰਦਵਾਲ ਜੇਲ ਵਿੱਚ ਗੈਂਗਵਾਰ ਦੌਰਾਨ ਮੌਤ ਹੋ ਚੁੱਕੀ ਹੈ।
ਗੈਂਗਸਟਰਾਂ ਨੇ ਪੁਲਿਸ ਨੂੰ ਦੱਸਿਆ ਸੀ ਕਿ ਧਰਮਨਜੋਤ ਨੇ ਵਿਦੇਸ਼ ਤੋਂ ਫੋਨ ਕਰਕੇ ਸਤਬੀਰ ਨਾਲ ਮਿਲਣ ਲਈ ਕਿਹਾ ਸੀ। ਉਸ ਨੇ ਫੋਨ ਉੱਤੇ ਕਿਹਾ ਸੀ ਕਿ ਸਤਬੀਰ ਗੱਡੀ ਵਿੱਚ ਉਨ੍ਹਾਂ ਨੂੰ ਮਾਨਸਾ ਪਹੁੰਚਾਏਗਾ। ਸਤਬੀਰ ਅੰਮ੍ਰਿਤਸਰ ਵਿੱਚ ਘੋੜਿਆਂ ਦਾ ਵਪਾਰੀ ਹੈ। ਦਰਮਨ ਨੇ ਬਦਮਾਸ਼ਾਂ ਨੂੰ 2 ਕੰਮ ਸੌਂਪੇ ਸੀ। ਇੱਕ ਕੰਮ ਹਵਾਲਾ ਰਾਸ਼ੀ ਪਹੁੰਚਾਉਣ ਦਾ ਅਤੇ ਦੂਜਾ ਕੰਮ ਮੂਸੇਵਾਲਾ ਨੂੰ ਮਾਰਨਾ ਸੀ।
ਇਹ ਵੀ ਸਾਹਮਣੇ ਆਇਆ ਹੈ ਕਿ ਗੈਂਗਸਟਰ ਸਚਿਨ ਥਾਪਨ ਨੇ ਵੀ ਕਾਊਂਟਰ ਇੰਟੈਲੀਜੈਂਸ ਯੂਨਿਟ ਅੱਗੇ ਇਹ ਖੁਲਾਸਾ ਕੀਤਾ ਹੈ ਕਿ ਅਮਰੀਕਾ ਵਿੱਚ ਧਰਮਨਜੋਤ ਕਾਹਲੋਂ, ਲਾਰੈਂਸ ਬਿਸ਼ਨੋਈ ਗੈਂਗ ਨੂੰ ਹਥਿਆਰ ਸਪਲਾਈ ਕਰਵਾਉਂਦਾ ਹੈ। ਕਾਹਲੋਂ ਲਾਰੈਂਸ ਤੇ ਬੰਬੀਹਾ ਗਰੁੱਪ ਨੂੰ ਹਥਿਆਰ ਸਪਲਾਈ ਕਰਦਾ ਸੀ।
10 ਦਿਨ ਪਹਿਲਾਂ ਸ਼ੁਰੂ ਕੀਤੀ ਸੀ ਰੇਕੀ:ਮੂਸੇਵਾਲਾ ਕਤਲਕਾਂਡ ਵਿੱਚ ਹਥਿਆਰਾਂ ਦੀ ਸਪਲਾਈ ਕਰਨ ਜਾ ਰਹੀ ਫਾਰਚੂਨਰ ਕਾਰ ਵਿੱਚ ਮਨੀ ਰਈਆ ਅਤੇ ਮਨਦੀਪ ਤੂਫਾਨ ਦੀ ਪਛਾਣ ਪਹਿਲਾਂ ਹੀ ਹੋ ਗਈ ਸੀ। ਤੀਜੇ ਮੁਲਜ਼ਮ ਦੀ ਪਛਾਣ ਬਾਅਦ ਵਿੱਚ ਹੋਈ। ਤੀਜਾ ਮੁਲਜ਼ਮ ਬਟਾਲਾ ਦਾ ਗੁਰਮੀਤ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਨ੍ਹਾਂ ਸਾਰਿਆਂ ਮੁਲਜ਼ਮਾਂ ਨੇ ਮੂਸੇਵਾਲਾ ਕਤਲਕਾਂਡ ਤੋਂ ਕਰੀਬ 10 ਦਿਨ ਪਹਿਲਾਂ ਰੇਕੀ ਸ਼ੁਰੂ ਕਰ ਦਿੱਤੀ ਸੀ।
ਨਕਲੀ ਪੁਲਿਸਕਰਮੀ ਬਣ ਕੇ ਫੇਕ ਐਨਕਾਉਂਟਰ ਦਾ ਪਲਾਨ ਬਣਾਇਆ:ਗੋਲਡੀ ਬਰਾੜ ਅਤੇ ਧਰਮਨਜੋਤ ਕਾਹਲੋਂ ਦੀ ਯੋਜਨਾ ਤਹਿਤ ਹੀ ਮੁਲਜ਼ਮਾਂ ਨੇ ਫਾਰਚੂਨਰ ਕਾਰ ਵਿੱਚ ਪੁਲਿਸ ਦੀ ਵਰਦੀ ਰੱਖੀ ਸੀ। ਮੂਸੇਵਾਲਾ ਦੇ ਘਰ ਨਕਲੀ ਪੁਲਿਸ ਕਰਮਚਾਰੀ ਬਣ ਕੇ ਫੇਕ ਐਨਕਾਊਂਟਰ ਕਰਨ ਦਾ ਪਲਾਨ ਬਣਾਇਆ ਗਿਆ ਸੀ, ਪਰ ਮੂਸੇਵਾਲਾ ਨਾਲ ਸੁਰੱਖਿਆ ਕਰਮਚਾਰੀ ਸੀ ਜਿਸ ਕਾਕਨ ਬਦਮਾਸ਼ਾਂ ਨੇ ਮੌਕੇ ਉੱਤੇ ਹੀ ਪਲਾਨ ਨੂੰ ਬਦਲ ਦਿੱਤਾ। ਇਹ ਪਲਾਨ ਧਰਮਨਜੋਤ ਕਾਹਲੋਂ ਤੇ ਗੋਲਡੀ ਬਰਾੜ ਨੇ ਮਿਲ ਕੇ ਬਣਾਇਆ ਸੀ।